ਮੈਸੂਰ-ਦਰਭੰਗਾ ਭਾਗਮਤੀ ਐਕਸਪ੍ਰੈਸ ਟਰੇਨ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾਈ ਹੈ। ਇਸ ਟੱਕਰ ਤੋਂ ਬਾਅਦ ਦੋ ਡੱਬਿਆਂ ਨੂੰ ਅੱਗ ਲੱਗ ਗਈ ਅਤੇ ਘੱਟੋ-ਘੱਟ 13 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 19 ਯਾਤਰੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਚੇਨਈ ਦੇ ਸਰਕਾਰੀ ਸਟੈਨਲੇ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਟਰੇਨ ਡਰਾਈਵਰ ਨੂੰ ਟਰੈਕ ‘ਤੇ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਐਕਸਪ੍ਰੈੱਸ ਟਰੇਨ ਲੂਪ ਲਾਈਨ ਤੋਂ ਬਾਹਰ ਚਲੀ ਗਈ ਅਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਸੂਤਰਾਂ ਨੇ ਦੱਸਿਆ ਕਿ ਰੇਲਗੱਡੀ 109 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ ਜਦੋਂ ਇਸ ਦੇ ਅਮਲੇ ਨੂੰ ਅਚਾਨਕ ਜ਼ਬਰਦਸਤ ਝਟਕਾ ਲੱਗਾ। ਜਿਸ ਤੋਂ ਬਾਅਦ ਯਾਤਰੀ ਟਰੇਨ ਲੂਪ ਲਾਈਨ ‘ਚ ਜਾ ਵੜੀ ਅਤੇ ਉਸੇ ਟ੍ਰੈਕ ‘ਤੇ ਖੜ੍ਹੀ ਇਕ ਮਾਲ ਗੱਡੀ ਨਾਲ ਟਕਰਾ ਗਈ।