ਬ੍ਰਿਟੇਨ ‘ਚ ਐਤਵਾਰ ਨੂੰ ਇੱਕ 19 ਸਾਲਾ ਪੰਜਾਬਣ ਕੁੜੀ ਦਾ ਉਸ ਦੇ ਘਰ ‘ਚ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਕਤਲ ਦੇ ਸ਼ੱਕ ਵਿੱਚ ਮੌਕੇ ਤੋਂ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਭਾਰਤੀ ਕੁੜੀ ਦੀ ਪਛਾਣ ਮਹਿਕ ਸ਼ਰਮਾ ਵਜੋਂ ਹੋਈ ਹੈ, ਜੋ ਹਾਲ ਹੀ ਵਿੱਚ ਬਰਤਾਨੀਆ ਪਹੁੰਚੀ ਸੀ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ 19 ਸਾਲਾ ਮਹਿਕ ਸ਼ਰਮਾ ਅਜੇ ਪਿਛਲੇ ਸਾਲ ਹੀ ਲੰਡਨ ਗਈ ਸੀ।
ਐਤਵਾਰ ਸ਼ਾਮ ਨੂੰ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦੱਖਣੀ ਲੰਡਨ ਦੇ ਕ੍ਰੋਏਡਨ ਵਿੱਚ ਕਿਰਾਏ ਦੇ ਮਕਾਨ ਵਿੱਚ ਵਾਪਰੀ, ਜਿੱਥੇ ਇੱਕ 19 ਸਾਲਾ ਭਾਰਤੀ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਹਿਕ ਦੇ ਕਤਲ ਦਾ ਇਲਜ਼ਾਮ ਉਸ ਦੇ ਪਤੀ ਸਾਹਿਲ ਸ਼ਰਮਾ ਉੱਤੇ ਹੀ ਲੱਗਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਸ਼ੀ ਸਾਹਿਲ ਸ਼ਰਮਾ ਨੂੰ ਹਿਰਾਸਤ ‘ਚ ਲੈ ਲਿਆ। ਮਹਿਕ ਕ੍ਰੋਏਡਨ ਦੇ ਇੱਕ ਘਰ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲੀ ਸੀ। ਪੁਲਿਸ ਨੇ ਕਿਹਾ ਕਿ ਪੁਰਸ਼ ਅਤੇ ਔਰਤ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਅਧਿਕਾਰੀ ਜਾਂਚ ਦੇ ਸਿਲਸਿਲੇ ਵਿੱਚ ਕਿਸੇ ਹੋਰ ਦੀ ਤਲਾਸ਼ ਨਹੀਂ ਕਰ ਰਹੇ ਹਨ।ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੀੜਤਾ ਦਾ ਦੋਸ਼ੀ ਨਾਲ ਕੀ ਸਬੰਧ ਹੈ।
