ਪਾਕਿਸਤਾਨ ਦੇ ਰਾਵਲਪਿੰਡੀ ‘ਚ ਟੈਸਟ ਮੈਚ ਖੇਡ ਰਹੇ ਸ਼ਾਕਿਬ ਅਲ ਹਸਨ ਲਈ ਬਹੁਤ ਬੁਰੀ ਖਬਰ ਆਈ ਹੈ। ਦਰਅਸਲ ਬੰਗਲਾਦੇਸ਼ ਦੇ ਸਾਬਕਾ ਕਪਤਾਨ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸ਼ਾਕਿਬ ਅਲ ਹਸਨ ‘ਤੇ ਢਾਕਾ ‘ਚ ਕੱਪੜੇ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਵਿਅਕਤੀ ਦੀ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਸਿਰਫ ਸਾਕਿਬ ਹੀ ਨਹੀਂ, ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ ਕੁੱਲ 500 ਲੋਕਾਂ ਨੂੰ ਇਸ ‘ਚ ਦੋਸ਼ੀ ਬਣਾਇਆ ਗਿਆ ਹੈ। ਸ਼ਾਕਿਬ ਇਸ ਸਮੇਂ ਰਾਵਲਪਿੰਡੀ ਵਿੱਚ ਟੈਸਟ ਮੈਚ ਖੇਡ ਰਿਹਾ ਹੈ ਜਿੱਥੇ ਉਸਨੇ ਹੁਣ ਤੱਕ 27 ਓਵਰਾਂ ਵਿੱਚ 109 ਦੌੜਾਂ ਦੇ ਕੇ ਇੱਕ ਵਿਕਟ ਲਈ ਹੈ।
ਬੰਗਲਾਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਿਕ ਸ਼ਾਕਿਬ ਦੇ ਖਿਲਾਫ ਢਾਕਾ ਮੈਟਰੋਪੋਲੀਟਨ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਵਾਉਣ ਵਾਲੇ ਵਿਅਕਤੀ ਦਾ ਨਾਂ ਰਫੀਕੁਲ ਇਸਲਾਮ ਹੈ, ਜੋ ਢਾਕਾ ‘ਚ ਪ੍ਰਦਰਸ਼ਨ ਦੌਰਾਨ ਮਾਰੇ ਗਏ ਵਿਅਕਤੀ ਦਾ ਪਿਤਾ ਹੈ। ਸ਼ਾਕਿਬ ਅਲ ਹਸਨ ਬੰਗਲਾਦੇਸ਼ ਅਵਾਮੀ ਲੀਗ ਦਾ ਨੇਤਾ ਸੀ ਜੋ ਸ਼ੇਖ ਹਸੀਨਾ ਦੀ ਪਾਰਟੀ ਸੀ। ਬੰਗਲਾਦੇਸ਼ ਵਿੱਚ ਤਖਤਾਪਲਟ ਤੋਂ ਬਾਅਦ ਸ਼ੇਖ ਹਸੀਨਾ ਦੇਸ਼ ਤੋਂ ਬਾਹਰ ਚਲੀ ਗਈ ਸੀ। ਕਾਬਲੇਗੌਰ ਹੈ ਕਿ ਸ਼ਾਕਿਬ ਅਲ ਹਸਨ ਦੇ ਖਿਲਾਫ ਅਜਿਹੇ ਮਾਮਲੇ ਇਸੇ ਕਾਰਨ ਦਰਜ ਕੀਤੇ ਜਾ ਰਹੇ ਹਨ ਕਿਉਂਕਿ ਉਹ ਸ਼ੇਖ ਹਸੀਨਾ ਦਾ ਕਰੀਬੀ ਸੀ।
ਹੁਣ ਸ਼ਾਕਿਬ ਅਲ ਹਸਨ ‘ਤੇ ਅਜਿਹਾ ਮਾਮਲਾ ਦਰਜ ਕੀਤਾ ਗਿਆ ਹੈ ਜੋ ਭਵਿੱਖ ‘ਚ ਇਸ ਖਿਡਾਰੀ ਲਈ ਮਾੜਾ ਸਾਬਿਤ ਹੋ ਸਕਦਾ ਹੈ। ਸਵਾਲ ਇਹ ਹੈ ਕਿ ਕੀ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਸ਼ਾਕਿਬ ਬੰਗਲਾਦੇਸ਼ ਵਾਪਸੀ ਕਰਨਗੇ? ਹਾਲਾਂਕਿ ਉਸ ਦੀ ਪਤਨੀ ਅਤੇ ਬੱਚੇ ਅਮਰੀਕਾ ਰਹਿੰਦੇ ਹਨ। ਬੰਗਲਾਦੇਸ਼ ਦੇ ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਖਿਡਾਰੀ ਪਾਕਿਸਤਾਨ ਤੋਂ ਸਿੱਧਾ ਅਮਰੀਕਾ ਜਾਵੇਗਾ।