ਲਗਾਤਾਰ ਪੰਜ ਜਿੱਤਾਂ ਨਾਲ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਪਹਿਲੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਮੁੰਬਈ ਇੰਡੀਅਨਜ਼ ਨੇ ਆਖਰਕਾਰ ਉਹੀ ਕਰ ਦਿਖਾਇਆ ਜਿਸ ਦੀ ਉਮੀਦ ਸੀ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਨੇ WPL ਦੇ ਪਹਿਲੇ ਸੀਜ਼ਨ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਹ ਖ਼ਿਤਾਬ ਲਈ ਦਿੱਲੀ ਕੈਪੀਟਲਜ਼ ਨਾਲ ਭਿੜੇਗੀ। ਮੁੰਬਈ ਨੇ ਸ਼ੁੱਕਰਵਾਰ ਸ਼ਾਮ ਨੂੰ ਐਲੀਮੀਨੇਟਰ ਮੈਚ ‘ਚ ਯੂਪੀ ਵਾਰੀਅਰਜ਼ ਨੂੰ ਬਹੁਤ ਹੀ ਇਕਪਾਸੜ ਤਰੀਕੇ ਨਾਲ 72 ਦੌੜਾਂ ਨਾਲ ਹਰਾ ਦਿੱਤਾ। ਨੇਟ ਸਿਵਰ-ਬਰੰਟ ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਈਜ਼ੀ ਵੋਂਗ ਦੀ ਹੈਟ੍ਰਿਕ ਨੇ ਮੁੰਬਈ ਦੀ ਜਿੱਤ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ।
ਟੂਰਨਾਮੈਂਟ ਦੇ ਪਹਿਲੇ ਹੀ ਮੈਚ ‘ਚ ਮੁੰਬਈ ਨੇ ਗੁਜਰਾਤ ਜਾਇੰਟਸ ਨੂੰ ਇਕਤਰਫਾ ਅੰਦਾਜ਼ ‘ਚ ਹਰਾ ਕੇ ਟੂਰਨਾਮੈਂਟ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੀ ਮੁੰਬਈ ਨੇ ਆਪਣੀ ਤਾਕਤ ਅਤੇ ਇਰਾਦਿਆਂ ਦਾ ਐਲਾਨ ਕਰ ਦਿੱਤਾ ਸੀ। ਉਸ ਨੂੰ ਮੱਧ ਵਿਚ ਕੁਝ ਝਟਕਿਆਂ ਦਾ ਸਾਹਮਣਾ ਕਰਨਾ ਪਿਆ, ਪਰ ਜਦੋਂ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦੀ ਸਭ ਤੋਂ ਵੱਧ ਲੋੜ ਸੀ, ਮੁੰਬਈ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।