ਗੀਤਕਾਰ ਜਾਵੇਦ ਅਖਤਰ ਵੱਲੋਂ ਕੰਗਨਾ ਰਣੌਤ ਦੇ ਖਿਲਾਫ ਦਾਇਰ ਮਾਣਹਾਨੀ ਦੇ ਮਾਮਲੇ ‘ਚ ਅਭਿਨੇਤਰੀ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ‘ਚ ਕੰਗਨਾ ਨੇ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਸ ਨੂੰ ਸੁਣਵਾਈ ਦੌਰਾਨ ਹਾਜ਼ਰ ਹੋਣ ਤੋਂ ਸਥਾਈ ਛੋਟ ਦਿੱਤੀ ਜਾਵੇ। ਹਾਲਾਂਕਿ, ਅਦਾਲਤ ਨੇ ਕੰਗਨਾ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਅਭਿਨੇਤਰੀ ਨੂੰ ਪੇਸ਼ੀ ਤੋਂ ਸਥਾਈ ਛੋਟ ਦੀ ਮੰਗ ਕਰਨ ਲਈ ਫਟਕਾਰ ਵੀ ਲਗਾਈ ਹੈ। ਅਦਾਲਤ ਦਾ ਕਹਿਣਾ ਹੈ ਕਿ ਅਭਿਨੇਤਰੀ ਆਪਣੇ ਪੇਸ਼ੇਵਰ ਕਾਰਜਾਂ ਕਾਰਨ ਰੁੱਝੀ ਹੋ ਸਕਦੀ ਹੈ, ਪਰ ਉਹ ਇਹ ਨਹੀਂ ਭੁੱਲ ਸਕਦੀ ਕਿ ਉਹ ਵੀ ਇਸ ਕੇਸ ਵਿੱਚ ਇੱਕ ਮੁਲਜ਼ਮ ਹੈ।
ਆਨਲਾਈਨ ਮੀਡੀਆ ਰਿਪੋਰਟਾਂ ਮੁਤਾਬਿਕ ਕੰਗਨਾ ਰਣੌਤ ਇਸ ਮਾਮਲੇ ‘ਚ ਸਿਰਫ ਦੋ ਵਾਰ ਅਦਾਲਤ ‘ਚ ਪੇਸ਼ ਹੋਈ ਹੈ। ਇੱਕ ਵਾਰ ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਅਤੇ ਦੂਜਾ ਜਦੋਂ ਕੰਗਨਾ ਨੇ ਮੈਜਿਸਟਰੇਟ ਉੱਤੇ ਪੱਖਪਾਤ ਦਾ ਦੋਸ਼ ਲਾਇਆ। ਸੁਣਵਾਈ ਤੋਂ ਸਥਾਈ ਛੋਟ ਦੀ ਮੰਗ ਕਰਨ ਵਾਲੀ ਕੰਗਨਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ, ਮੈਜਿਸਟਰੇਟ ਨੇ ਕਿਹਾ ਕਿ ਕੰਗਨਾ ਨੂੰ ਕਾਨੂੰਨ ਦੀ ਸਥਾਪਿਤ ਪ੍ਰਕਿਰਿਆ ਅਤੇ ਆਪਣੇ ਜ਼ਮਾਨਤ ਬਾਂਡ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇੱਕ ਮਸ਼ਹੂਰ ਹਸਤੀ ਹੈ ਅਤੇ ਉਸ ਕੋਲ ਪੇਸ਼ੇਵਰ ਕੰਮ ਹੋ ਸਕਦੇ ਹਨ, ਪਰ ਉਹ ਇਹ ਨਹੀਂ ਭੁੱਲ ਸਕਦੀ ਕਿ ਉਹ ਇਸ ਕੇਸ ਵਿੱਚ ਇੱਕ ਮੁਲਜ਼ਮ ਹੈ।
ਦਰਅਸਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਨੇ ਇੱਕ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ ‘ਚ ਕੰਗਨਾ ਨੇ ਜਾਵੇਦ ਅਖਤਰ ਬਾਰੇ ਕਾਫੀ ਕੁਝ ਕਿਹਾ ਸੀ। ਅਦਾਕਾਰਾ ਨੇ ਕਿਹਾ ਸੀ ਕਿ ਜਾਵੇਦ ਅਖਤਰ ਬਾਲੀਵੁੱਡ ਦੇ ਸੁਸਾਈਡ ਗੈਂਗ ਨਾਲ ਸਬੰਧਤ ਹੈ, ਜੋ ਬਾਹਰੀ ਲੋਕਾਂ ਨੂੰ ਇਸ ਹੱਦ ਤੱਕ ਉਕਸਾਉਂਦਾ ਹੈ ਕਿ ਉਹ ਅਦਾਕਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਇਸ ਤੋਂ ਬਾਅਦ ਜਾਵੇਦ ਅਖਤਰ ਨੇ ਕੰਗਨਾ ਰਣੌਤ ਦੇ ਖਿਲਾਫ ਮੈਜਿਸਟ੍ਰੇਟ ਦੀ ਅਦਾਲਤ ‘ਚ ਉਨ੍ਹਾਂ ਦੀ ਅਕਸ ਖਰਾਬ ਕਰਨ ਲਈ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।