ਇੰਨ੍ਹੀ ਦਿਨੀ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਜਿਸ ਕਾਰਨ ਵੱਡੀ ਗਿਣਤੀ ‘ਚ ਆਕਲੈਂਡ ਵਾਸੀ ਘੁੰਮਣ ਦੇ ਪ੍ਰੋਗਰਾਮ ਬਣਾ ਰਹੇ ਹਨ। ਉੱਥੇ ਹੀ ਆਕਲੈਂਡ ਦੇ ਹਵਾਈ ਅੱਡੇ ‘ਤੇ ਵੀ ਲੋਕਾਂ ਦੀ ਇੱਕ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪਰ ਜੇਕਰ ਤੁਸੀ ਵੀ ਕੀਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਆਕਲੈਂਡ ਹਵਾਈ ਅੱਡੇ ‘ਤੇ ਕਈ ਰਵਾਨਾ ਹੋਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਕੂਲੀ ਛੁੱਟੀਆਂ ਦੌਰਾਨ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਲਈ ਸਿਰਦਰਦੀ ਬਣੀ ਹੋਈ ਹੈ। ਸੋਮਵਾਰ ਦੀਆਂ ਪ੍ਰਭਾਵਿਤ ਉਡਾਣਾਂ ‘ਚ ਕ੍ਰਾਈਸਟਚਰਚ, ਵੈਲਿੰਗਟਨ, ਬੇ ਆਫ ਆਈਲੈਂਡਜ਼, ਵੰਗਾਰੇਈ, ਰੋਟੋਰੂਆ, ਟੋਪੋ ਅਤੇ ਬਲੇਨਹਾਈਮ ਨੂੰ ਜਾਣ ਵਾਲਿਆਂ ਉਡਾਣਾਂ ਸ਼ਾਮਿਲ ਸਨ।
ਮੰਗਲਵਾਰ ਨੂੰ ਤੜਕੇ ਦੋ ਉਡਾਣਾਂ – ਇੱਕ ਕ੍ਰਾਈਸਟਚਰਚ ਲਈ ਅਤੇ ਦੂਜੀ ਵੈਲਿੰਗਟਨ ਲਈ – ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਰੱਦ ਕੀਤੀਆਂ ਉਡਾਣਾਂ ਵਿੱਚੋਂ ਸੱਤ ਏਅਰ ਨਿਊਜ਼ੀਲੈਂਡ ਦੁਆਰਾ ਸੰਚਾਲਿਤ ਹਨ। ਜੇਕਰ ਇੰਨ੍ਹਾਂ ਉਡਾਣਾਂ ਦੇ ਰੱਦ ਹੋਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਖਰਾਬ ਮੌਸਮ, ਬਿਮਾਰ ਕਰਮਚਾਰੀ ਅਤੇ ਇੰਜੀਨਿਅਰਿੰਗ ਸੱਮਸਿਆਵਾਂ ਹਨ। ਉੱਥੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਖੱਜਲ ਖੁਆਰੀ ਕਈ ਦਿਨ ਤੱਕ ਜਾਰੀ ਰਹਿ ਸਕਦੀ ਹੈ।