ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਅਰਬਪਤੀ ਮੁਕੇਸ਼ ਅੰਬਾਨੀ ਨੂੰ ਇੱਕ ਹਫ਼ਤੇ ਵਿੱਚ ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ ਅੰਬਾਨੀ ਤੋਂ 400 ਕਰੋੜ ਰੁਪਏ ਦੀ ਰਕਮ ਮੰਗੀ ਹੈ। ਸੋਮਵਾਰ, 30 ਅਕਤੂਬਰ ਨੂੰ, ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਧਮਕੀ ਦਿੱਤੀ ਗਈ ਅਤੇ ਇਸ ਰਕਮ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿਲਾਇੰਸ ਦੇ ਚੇਅਰਮੈਨ ਨੂੰ ਲਗਾਤਾਰ ਦੋ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ, ਹਾਲਾਂਕਿ ਉਸ ਸਮੇਂ ਘੱਟ ਰਕਮ ਦੀ ਮੰਗ ਕੀਤੀ ਗਈ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਸੋਮਵਾਰ, 30 ਅਕਤੂਬਰ ਨੂੰ ਮੁਕੇਸ਼ ਅੰਬਾਨੀ ਨੂੰ ਦੁਬਾਰਾ ਇੱਕ ਮੇਲ ਆਇਆ ਜਿਸ ਵਿੱਚ 400 ਕਰੋੜ ਰੁਪਏ ਦੀ ਰਕਮ ਮੰਗੀ ਗਈ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੁਕੇਸ਼ ਅੰਬਾਨੀ ਨੂੰ ਇਸੇ ਮੇਲ ਆਈਡੀ ਤੋਂ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਦੋਵੇਂ ਵਾਰ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪਹਿਲੀ ਫਿਰੌਤੀ 27 ਅਕਤੂਬਰ ਨੂੰ ਮੇਲ ਰਾਹੀਂ ਮੰਗੀ ਗਈ ਸੀ ਅਤੇ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ, ਜਦੋਂ ਕਿ ਦੂਜੀ ਫਿਰੌਤੀ ਮੇਲ 28 ਅਕਤੂਬਰ ਨੂੰ ਆਈ ਸੀ, ਜਿਸ ਵਿੱਚ ਫਿਰੌਤੀ ਦੀ ਰਕਮ ਵਧਾ ਕੇ 200 ਕਰੋੜ ਰੁਪਏ ਕਰ ਦਿੱਤੀ ਗਈ ਸੀ।