ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਸਪੋਰਟਸ ਮੈਨੇਜਮੈਂਟ ਕੰਪਨੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨੇ ਮਿਹਿਰ ਦਿਵਾਕਰ ਅਤੇ ਸੌਮਿਆ ਬਿਸਵਾਸ ਦੀ ਸਪੋਰਟਸ ਮੈਨੇਜਮੈਂਟ ਕੰਪਨੀ ਅਰਕਾ ਦੇ ਖਿਲਾਫ ਰਾਂਚੀ ਕੋਰਟ ‘ਚ ਇਹ ਮਾਮਲਾ ਦਾਇਰ ਕੀਤਾ ਹੈ। ਦਿਵਾਕਰ ਨੇ ਧੋਨੀ ਨਾਲ 2017 ‘ਚ ਇਕ ਸਮਝੌਤਾ ਕੀਤਾ ਸੀ, ਜਿਸ ਤਹਿਤ ਉਹ ਗਲੋਬਲ ਪੱਧਰ ‘ਤੇ ਕ੍ਰਿਕਟ ਅਕੈਡਮੀ ਦੀ ਸਥਾਪਨਾ ਕਰਨ ਜਾ ਰਹੇ ਸੀ। ਪਰ ਦਿਵਾਕਰ ਅਜਿਹਾ ਨਹੀਂ ਕਰ ਸਕੇ। ਇਸ ਸਮਝੌਤੇ ਤਹਿਤ ਅਰਕਾ ਨੂੰ ਫਰੈਂਚਾਈਜ਼ੀ ਫੀਸ ਦਾ ਭੁਗਤਾਨ ਕਰਨਾ ਸੀ ਅਤੇ ਸਮਝੌਤੇ ਮੁਤਾਬਿਕ ਮੁਨਾਫਾ ਵੀ ਸਾਂਝਾ ਕਰਨਾ ਸੀ, ਪਰ ਅਜਿਹਾ ਨਹੀਂ ਹੋ ਸਕਿਆ, ਜਿਸ ਕਾਰਨ ਧੋਨੀ ਨੇ ਇਹ ਕੇਸ ਦਾਇਰ ਕੀਤਾ ਹੈ।
ਕਈ ਕੋਸ਼ਿਸ਼ਾਂ ਦੇ ਬਾਵਜੂਦ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੋਈਆਂ। ਇਸ ਤੋਂ ਬਾਅਦ ਧੋਨੀ ਨੇ 15 ਅਗਸਤ 2021 ਨੂੰ ਅਰਕਾ ਸਪੋਰਟਸ ਮੈਨੇਜਮੈਂਟ ਤੋਂ ਅਧਿਕਾਰ ਪੱਤਰ ਲਿਆ ਅਤੇ ਉਨ੍ਹਾਂ ਨੂੰ ਕਈ ਕਾਨੂੰਨੀ ਨੋਟਿਸ ਭੇਜੇ। ਵਿਧੀ ਐਸੋਸੀਏਟਸ ਦੀ ਤਰਫੋਂ ਐਮਐਸ ਧੋਨੀ ਦੀ ਨੁਮਾਇੰਦਗੀ ਕਰ ਰਹੇ ਦਯਾਨੰਦ ਸਿੰਘ ਨੇ ਕਿਹਾ ਹੈ ਕਿ ਧੋਨੀ ਨੂੰ ਅਰਕਾ ਸਪੋਰਟਸ ਮੈਨੇਜਮੈਂਟ ਕੰਪਨੀ ਕਾਰਨ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।