ਸ਼ਨੀਵਾਰ ਨੂੰ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਚੌਧਰੀ ਸੰਤੋਖ ਸਿੰਘ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਸ਼ਾਮਿਲ ਹੋਏ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਦੱਸ ਦੇਈਏ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ‘ਚ ਅੱਜ ਤੀਜਾ ਦਿਨ ਹੈ।
ਇਸ ਖਬਰ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਵੀ ਰੋਕ ਦਿੱਤੀ ਹੈ ਅਤੇ ਸੰਸਦ ਮੈਂਬਰ ਨੂੰ ਦੇਖਣ ਲਈ ਹਸਪਤਾਲ ਰਵਾਨਾ ਹੋ ਗਏ ਹਨ। ਫਿਲਹਾਲ ਹਸਪਤਾਲ ਦੇ ਬਾਹਰ ਕਾਂਗਰਸੀਆਂ ਦੀ ਭੀੜ ਲੱਗੀ ਹੋਈ ਹੈ। ਸ਼ਨੀਵਾਰ ਸਵੇਰੇ ਇਹ ਯਾਤਰਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਫਗਵਾੜਾ ਵੱਲ ਜਾ ਰਹੀ ਸੀ। ਸਾਹਮਣੇ ਆਈਆਂ ਵੀਡੀਓ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ 76 ਸਾਲਾ ਸੰਤੋਖ ਸਿੰਘ ਰਾਹੁਲ ਤੋਂ ਕੁੱਝ ਦੂਰੀ ‘ਤੇ ਉਨ੍ਹਾਂ ਦੇ ਨਾਲ ਨਾਲ ਪੈਦਲ ਚੱਲ ਰਹੇ ਸੀ। ਰਿਪੋਰਟਾਂ ਮੁਤਾਬਿਕ ਸਵੇਰੇ 8.45 ਵਜੇ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ ਸੀ।