ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਦਾ ਪੂਰੇ ਪੰਜਾਬ ‘ਚ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀਆਂ ਟਿੱਪਣੀਆਂ ‘ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਸੀਐਮ ਮਾਨ ਨੇ ਕਿਹਾ ਕਿ ਭਾਜਪਾ ਨੇ ਕੰਗਨਾ ਦੇ ਬਿਆਨ ਨੂੰ ਉਨ੍ਹਾਂ ਦਾ ਨਿੱਜੀ ਬਿਆਨ ਦੱਸ ਕੇ ਪੱਲਾ ਝਾੜ ਲਿਆ ਹੈ। ਜੇਕਰ ਇਹ ਸੰਸਦ ਮੈਂਬਰ ਕੰਗਣਾ ਦਾ ਨਿੱਜੀ ਬਿਆਨ ਹੈ ਤਾਂ ਪਾਰਟੀ (ਭਾਜਪਾ) ਨੂੰ ਉਸ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਦੇ ਲੋਕਾਂ ਨੇ ਆਪਣੇ ਇਲਾਕੇ ਦੇ ਮਸਲੇ ਹੱਲ ਕਰਨ ਲਈ ਸੰਸਦ ਮੈਂਬਰ ਚੁਣਿਆ ਹੈ। ਇਸ ਦੇ ਬਾਵਜੂਦ ਕੰਗਨਾ ਅਜਿਹੇ ਬੇਤੁਕੇ ਅਤੇ ਬੇਬੁਨਿਆਦ ਬਿਆਨ ਦੇ ਰਹੀ ਹੈ। ਕਿਸੇ ਸੰਸਦ ਮੈਂਬਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਦੇਸ਼ ਅਤੇ ਸਮਾਜ ਵਿੱਚ ਅਸ਼ਾਂਤੀ ਜਾਂ ਅਸਥਿਰਤਾ ਪੈਦਾ ਕਰਨ। ਕੰਗਨਾ ਨੇ ਕਿਸਾਨਾਂ ਖਿਲਾਫ ਜੋ ਬਿਆਨ ਦਿੱਤਾ ਹੈ, ਉਹ ਬਿਲਕੁਲ ਗਲਤ ਬਿਆਨ ਹੈ। ਕਿਸੇ ਸੰਸਦ ਮੈਂਬਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੇ।