ਨਿਊਜੀਲੈਂਡ ਦੀ ਸੱਤਾ ‘ਤੇ ਕਾਬਜ਼ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਡਾ. ਗੌਰਵ ਸ਼ਰਮਾ ਨੇ ਸੰਸਦ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਹਲਕੇ ਹੈਮਿਲਟਨ ਵੈਸਟ ‘ਚ ਵੋਟਰਾਂ ਵਿੱਚ ਉਪ ਚੋਣ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਦੁਪਹਿਰ ਵੇਲੇ ਇੱਕ ਲੰਮੀ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਨਵੀਂ ਕੇਂਦਰਵਾਦੀ ਪਾਰਟੀ ਦੇ ਅਧੀਨ “ਵਿਚਾਰਧਾਰਾਵਾਂ ਦੀ ਬਜਾਏ ਨਤੀਜਿਆਂ ਅਤੇ ਕਾਰਵਾਈ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ” ਚੱਲਣ ਦਾ ਇਰਾਦਾ ਰੱਖਦੇ ਹਨ। ਉਨ੍ਹਾਂ ਕਿਹਾ ਕਿ, “ਮੈਂ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਆਮ ਆਦਮੀ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ। ਤੁਸੀਂ ਮੈਨੂੰ ਹਰ ਮੌਕੇ ‘ਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਲੜਦਾ ਰਹਾਂਗਾ ਅਤੇ ਖੜ੍ਹਾ ਰਹਾਂਗਾ – ਆਪਣੇ ਲਈ, ਆਪਣੇ ਹਲਕੇ ਅਤੇ ਇਸ ਦੇਸ਼ ਦੇ ਲੋਕਾਂ ਲਈ।”
ਦਰਅਸਲ ਸ਼ਰਮਾ ਨੂੰ ਪਾਰਟੀ ਅੰਦਰੋਂ ਧੱਕੇਸ਼ਾਹੀ ਦੇ ਦੋਸ਼ ਲਾਉਣ ਤੋਂ ਬਾਅਦ ਅਗਸਤ ਵਿੱਚ ਲੇਬਰ ਪਾਰਟੀ ਦੇ ਕਾਕਸ ਵਿੱਚੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ ਲੇਬਰ ਨੇ ਪਾਰਟੀ ਨੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।