ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਯਾਨੀ ਕਿ ਅੱਜ ਅਹੁਦੇ ਦੀ ਸਹੁੰ ਚੁੱਕਣਗੇ। ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ ਅੰਮ੍ਰਿਤਪਾਲ ਨੂੰ ਪੈਰੋਲ ਦਿੱਤੀ ਗਈ ਹੈ। ਅੰਮ੍ਰਿਤਪਾਲ ਨੂੰ 5 ਜੁਲਾਈ ਤੋਂ 9 ਜੁਲਾਈ ਤੱਕ ਪੈਰੋਲ ਮਿਲੀ ਹੈ। ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਸੰਸਦ ਜਾਣਗੇ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਕਮਰੇ ਵਿੱਚ ਸਹੁੰ ਚੁੱਕਣਗੇ। ਪੈਰੋਲ ਦੌਰਾਨ ਅੰਮ੍ਰਿਤਪਾਲ ਆਪਣੇ ਘਰ ਨਹੀਂ ਜਾ ਸਕੇਗਾ। ਉਨ੍ਹਾਂ ਦਾ ਪਰਿਵਾਰ ਦਿੱਲੀ ਜਾ ਕੇ ਹੀ ਉਨ੍ਹਾਂ ਨੂੰ ਮਿਲੇਗਾ। ਨਜ਼ਰਬੰਦੀ ਐਕਟ 1981 ਦੀ ਧਾਰਾ 2 (ਸੀ) ਅਨੁਸਾਰ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲ ਸਕਣਗੇ।
ਸਹੁੰ ਚੁੱਕਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਅਤੇ ਲੋਕ ਸਭਾ ਸਕੱਤਰ ਵੱਲੋਂ ਨਿਰਧਾਰਿਤ ਸਥਾਨ ’ਤੇ ਹੀ ਰਹਿਣਗੇ। ਅੰਮ੍ਰਿਤਪਾਲ ਸਿੰਘ ਕੋਈ ਬਿਆਨ ਨਹੀਂ ਦੇ ਸਕਣਗੇ। ਅਸਥਾਈ ਰਿਹਾਈ ਦੀ ਮਿਆਦ ਵਿੱਚ ਕੇਂਦਰੀ ਜੇਲ੍ਹ, ਡਿਬਰੂਗੜ੍ਹ ਤੋਂ ਨਵੀਂ ਦਿੱਲੀ ਅਤੇ ਵਾਪਸ ਯਾਤਰਾ ਵਿੱਚ ਬਿਤਾਇਆ ਸਮਾਂ ਸ਼ਾਮਲ ਹੋਵੇਗਾ। ਡੀਜੀਪੀ ਅਧੀਨ ਵਿਭਾਗ ਅੰਮ੍ਰਿਤਪਾਲ ਦੀ ਯਾਤਰਾ ਦਾ ਸਾਰਾ ਖਰਚਾ ਚੁੱਕੇਗਾ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਹੁੰ ਚੁੱਕਣ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਲੋਕ ਸਭਾ ਦੇ ਜਨਰਲ ਸਕੱਤਰ ਦੇ ਸੰਪਰਕ ਵਿੱਚ ਰਹਿਣਗੇ।