ਅਫਰੀਕੀ ਦੇਸ਼ ਮੋਰੱਕੋ ‘ਚ ਸ਼ੁੱਕਰਵਾਰ ਰਾਤ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਕਾਰਨ ਲੋਕ ਘਬਰਾ ਕੇ ਭੱਜਦੇ ਦੇਖੇ ਗਏ ਸਨ। ਭੂਚਾਲ ਕਾਰਨ ਕਈ ਇਮਾਰਤਾਂ ਦੀਆਂ ਨੀਹਾਂ ਹਿੱਲ ਗਈਆਂ ਅਤੇ ਕਈਆਂ ਨੂੰ ਨੁਕਸਾਨ ਪਹੁੰਚਿਆ ਹੈ। ਮੋਰੱਕੋ ਵਿੱਚ ਭੂਚਾਲ ਕਾਰਨ ਸਭ ਤੋਂ ਵੱਧ ਤਬਾਹੀ ਮਾਰਾਕੇਸ਼ ਵਿੱਚ ਹੋਈ। ਇੱਥੇ ਇਮਾਰਤਾਂ ਦੇ ਡਿੱਗਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਅਤੇ ਮਸਜਿਦਾਂ ਹਿੱਲਦੀਆਂ ਵੇਖੀਆਂ ਗਈਆਂ। ਮੋਰੱਕੋ ਵਿੱਚ 1960 ਤੋਂ ਬਾਅਦ ਇਹ ਸਭ ਤੋਂ ਵੱਡਾ ਭੂਚਾਲ ਹੈ। ਭੂਚਾਲ ਕਾਰਨ ਉੱਚੀਆਂ ਇਮਾਰਤਾਂ ਪਲਾਂ ਵਿੱਚ ਢਹਿ ਗਈਆਂ।
ਮੋਰੱਕੋ ਵਿੱਚ ਜਦੋਂ ਭੂਚਾਲ ਆਇਆ ਤਾਂ ਕਈ ਲੋਕ ਸ਼ਾਪਿੰਗ ਕੰਪਲੈਕਸ ਅਤੇ ਖੇਡ ਦੇ ਮੈਦਾਨ ਵਿੱਚ ਮੌਜੂਦ ਸਨ। ਜਿਵੇਂ ਹੀ ਧਰਤੀ ਹਿੱਲੀ ਤਾਂ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਡਰ ਦੇ ਮਾਰੇ ਲੋਕਾਂ ਨੇ ਸਾਰੀ ਰਾਤ ਸੜਕਾਂ ‘ਤੇ ਬਿਤਾਈ। ਅਜਿਹਾ ਭੂਚਾਲ ਆਇਆ ਕਿ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ। ਮੋਰੱਕੋ ਵਿੱਚ ਭੂਚਾਲ ਦੇ ਝਟਕੇ ਪੁਰਤਗਾਲ ਅਤੇ ਅਲਜੀਰੀਆ ਤੱਕ ਮਹਿਸੂਸ ਕੀਤੇ ਗਏ।