ਫੀਫਾ ਵਿਸ਼ਵ ਕੱਪ 2022 ਵਿੱਚ ਇੱਕ ਹੋਰ ਵੱਡੇ ਉਲਟਫੇਰ ਨੇ ਵਿਸ਼ਵ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਕ੍ਰਿਸਟੀਆਨੋ ਰੋਨਾਲਡੋ ਦਾ ਖਿਤਾਬ ਜਿੱਤਣ ਦਾ ਸੁਪਨਾ ਪੰਜਵੀਂ ਵਾਰ ਤੋੜ ਦਿੱਤਾ। ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਵਿੱਚ ਮੋਰੱਕੋ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਇੱਕ ਹੋਰ ਵੱਡਾ ਉਲਟਫੇਰ ਕੀਤਾ ਹੈ। ਮੋਰੱਕੋ ਨੇ ਪਹਿਲੇ ਹਾਫ ‘ਚ ਹੀ ਕੀਤੇ ਗੋਲ ਦੇ ਦਮ ‘ਤੇ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਕ੍ਰਿਸਟੀਆਨੋ ਰੋਨਾਲਡੋ ਦਾ ਸ਼ਾਨਦਾਰ ਕਰੀਅਰ ਸਭ ਤੋਂ ਵੱਡੇ ਖਿਤਾਬ ਤੋਂ ਵਾਂਝਾ ਰਹਿ ਗਿਆ।
ਇੱਕ ਦਿਨ ਪਹਿਲਾਂ ਹੀ ਲਿਓਨੇਲ ਮੇਸੀ ਦੇ ਜਾਦੂਈ ਪ੍ਰਦਰਸ਼ਨ ਦੇ ਦਮ ‘ਤੇ ਅਰਜਨਟੀਨਾ ਦੀ ਨੀਦਰਲੈਂਡ ‘ਤੇ ਜਿੱਤ ਤੋਂ ਬਾਅਦ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਸਨ ਕਿ ਕੀ ਕ੍ਰਿਸਟੀਆਨੋ ਰੋਨਾਲਡੋ ਆਪਣੀ ਟੀਮ ਲਈ ਅਜਿਹਾ ਕੁੱਝ ਕਰ ਸਕਣਗੇ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ। ਰੋਨਾਲਡੋ ਨੂੰ ਲਗਾਤਾਰ ਦੂਜੇ ਮੈਚ ‘ਚ ਸ਼ੁਰੂਆਤੀ 11 ‘ਚ ਜਗ੍ਹਾ ਨਹੀਂ ਮਿਲੀ, ਜੋ ਥੋੜ੍ਹਾ ਹੈਰਾਨੀਜਨਕ ਸੀ ਪਰ ਆਖਰੀ-16 ਦੇ ਨਤੀਜੇ ਤੋਂ ਬਾਅਦ ਇਸ ਨੂੰ ਵੀ ਸਹੀ ਮੰਨਿਆ ਗਿਆ।