ਐਤਵਾਰ ਨੂੰ ਫੁੱਟਬਾਲ ਵਿਸ਼ਵ ਕੱਪ ‘ਚ ਇੱਕ ਹੋਰ ਵੱਡਾ ਉਲਟਫੇਰ ਹੋਇਆ ਹੈ। ਦਰਅਸਲ, ਮੋਰੱਕੋ ਨੇ ਬੈਲਜੀਅਮ ਦੀ ਟੀਮ ਨੂੰ 2-0 ਨਾਲ ਹਰਾਇਆ ਹੈ। ਫੀਫਾ ਰੈਂਕਿੰਗ ‘ਚ ਬੈਲਜੀਅਮ ਦੀ ਟੀਮ ਦੂਜੇ ਨੰਬਰ ‘ਤੇ ਹੈ ਜਦਕਿ ਮੋਰੱਕੋ ਦੀ ਟੀਮ 22ਵੇਂ ਨੰਬਰ ‘ਤੇ ਹੈ ਪਰ ਇਸ ਮੈਚ ‘ਚ ਮੋਰੱਕੋ ਨੇ ਬੈਲਜੀਅਮ ਦੀ ਟੀਮ ਨੂੰ 2-0 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਫੁੱਟਬਾਲ ਵਿਸ਼ਵ ਕੱਪ ‘ਚ ਮੋਰੱਕੋ ਦੀ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਕ੍ਰੋਏਸ਼ੀਆ ਖਿਲਾਫ ਮੋਰੱਕੋ ਦਾ ਪਹਿਲਾ ਮੈਚ ਡਰਾਅ ਰਿਹਾ ਸੀ। ਜਦਕਿ ਬੈਲਜੀਅਮ ਨੇ ਆਪਣੇ ਪਹਿਲੇ ਮੈਚ ਵਿੱਚ ਕੈਨੇਡਾ ਨੂੰ 1-0 ਨਾਲ ਹਰਾਇਆ ਸੀ।
ਇਸ ਮੈਚ ਦਾ ਪਹਿਲਾ ਗੋਲ ਮੋਰੱਕੋ ਦੀ ਟੀਮ ਨੇ ਕੀਤਾ ਸੀ। ਮੋਰੱਕੋ ਦੀ ਟੀਮ ਨੇ 73ਵੇਂ ਮਿੰਟ ਵਿੱਚ ਗੋਲ ਕਰਕੇ ਲੀਡ ਹਾਸਿਲ ਕਰ ਲਈ ਸੀ। ਮੋਰੱਕੋ ਲਈ ਇਹ ਗੋਲ ਅਬਦੇਲਹਾਮਿਦ ਸਾਬੀਰੀ ਨੇ ਕੀਤਾ ਸੀ। ਦਰਅਸਲ, ਅਬਦੇਲਹਾਮਿਦ ਸਾਬੀਰੀ ਨੇ 73ਵੇਂ ਮਿੰਟ ਫ੍ਰੀ-ਕਿੱਕ ‘ਤੇ ਸਿੱਧਾ ਗੋਲ ਕੀਤਾ ਸੀ। ਇਸ ਦੇ ਨਾਲ ਹੀ ਡਾਇਰੈਕਟ ਫ੍ਰੀ ਕਿੱਕ ‘ਤੇ ਇਸ ਵਿਸ਼ਵ ਕੱਪ ਦਾ ਇਹ ਪਹਿਲਾ ਗੋਲ ਹੈ। ਇਸ ਤੋਂ ਪਹਿਲਾਂ 70 ਮਿੰਟ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਈਡਨ ਹੈਜ਼ਰਡ, ਥੌਰਗਨ ਹੈਜ਼ਰਡ, ਕੇਵਿਨ ਡੀ ਬਰੂਏਨ ਵਰਗੇ ਦਿੱਗਜ ਖਿਡਾਰੀ ਬੈਲਜੀਅਮ ਦੀ ਟੀਮ ਵਿੱਚ ਖੇਡ ਰਹੇ ਸਨ, ਪਰ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।