ਕੁਈਨਜ਼ਟਾਊਨ ਦੀ ਇੱਕ ਪ੍ਰਵਾਸੀ ਵਰਕਰ ਦਾ ਕਹਿਣਾ ਹੈ ਕਿ ਉਸ ਨੂੰ ਮਾੜੇ ਹਲਾਤਾਂ ‘ਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਦਰਅਸਲ ਭੀੜ-ਭੜੱਕੇ ਵਾਲਾ ਘਰ ਜਿੱਥੇ ਪਹਿਲਾ ਹੀ 25 ਤੋਂ ਵੱਧ ਹੋਰ ਲੋਕ ਰਹਿ ਰਹੇ ਹਨ ਉੱਥੇ ਰਹਿਣ ਲਈ ਵੀ ਉਸਤੋਂ ਹਫ਼ਤੇ ਵਿੱਚ $250 ਵਸੂਲੇ ਜਾ ਰਹੇ ਹਨ। ਔਰਤ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮਕਾਨ ਮਾਲਕ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਰਿਹਾ ਹੈ।
ਪ੍ਰਵਾਸੀ ਵਰਕਰ ਆਪਣੇ ਸਾਥੀ ਨਾਲ ਸੱਤ ਤੰਗ ਬੈੱਡਰੂਮਾਂ ਵਿੱਚੋਂ ਇੱਕ ਵਿੱਚ ਰਹਿ ਰਹੀ ਹੈ, ਉਨ੍ਹਾਂ ਦੱਸਿਆ ਕਿ ਹਰੇਕ ਬੈੱਡਰੂਮ ਦੋ ਤੋਂ ਤਿੰਨ ਲੋਕਾਂ ਦੁਆਰਾ ਸਾਂਝਾ ਕੀਤਾ ਜਾਂਦਾ ਹੈ। ਹੋਰ 15 ਲੋਕ ਬਾਹਰ ਗੈਰ-ਕਾਨੂੰਨੀ ਕੈਬਿਨਾਂ ਜਾਂ ਗੈਰੇਜ ਵਿੱਚ ਰਹਿੰਦੇ ਹਨ, ਘਰ ਦੀ ਰਸੋਈ ਅਤੇ ਦੋ ਬਾਥਰੂਮ ਸਾਂਝੇ ਤੌਰ ‘ਤੇ ਵਰਤੇ ਜਾ ਰਹੇ ਹਨ, ਅਤੇ ਹਰ ਇੱਕ ਹਫ਼ਤੇ ਵਿੱਚ $250 ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਵਰਕਰ ਨੇ ਕਿਹਾ ਕਿ ਘਰ ਵਾਲਿਆਂ ਵੱਲੋਂ ਮਾੜੀ ਜੀਵਨ ਸਥਿਤੀ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਦੇ ਮਕਾਨ ਮਾਲਕ ਵੱਲੋਂ ਸ਼ਿਕਾਇਤ ਕਰਨ ਵਾਲੇ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ।