ਟੋਕੋਰੋਆ ਦੀ ਕਿਨਲੀਥ ਮਿੱਲ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇੱਕ ਵੱਡੇ ਝਟਕੇ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਿੱਲ ਦੇ ਮਾਲਕ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੇ ਪੇਪਰ ਡਿਵੀਜ਼ਨ ਓਜ਼ੀ ਫਾਈਬਰ ਸੋਲਿਉਸ਼ਨਜ਼ ਜੂਨ ਵਿੱਚ ਬੰਦ ਹੋਣ ਜਾ ਰਹੀ ਹੈ ਜਿਸ ਕਾਰਨ 230 ਕਰਮਚਾਰੀਆਂ ਦੀਆਂ ਨੌਕਰੀਆਂ ਜਾਣਗੀਆਂ। ਓਜੀ ਫਾਈਬਰ ਸਲਿਊਸ਼ਨਜ਼ ਦੇ ਮੁੱਖ ਕਾਰਜਕਾਰੀ ਜੌਨ ਰਾਈਡਰ ਨੇ ਕਿਹਾ ਕਿ ਵਾਈਕਾਟੋ ਪਲਾਂਟ ਨੂੰ ਚਾਲੂ ਰੱਖਣ ਲਈ ਕੋਈ ਸੰਭਵ ਵਿਕਲਪ ਨਹੀਂ ਸੀ। ਦੋ ਦਿਨ ਪਹਿਲਾਂ ਮਿੱਲ ‘ਚ ਇੱਕ ਮੀਟਿੰਗ ਵਿੱਚ ਮਜ਼ਦੂਰਾਂ ਅਤੇ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ ਸੀ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਫੈਸਲੇ ‘ਤੇ ਦੁੱਖ ਜਤਾਇਆ।
