Dunedin Supermarket ਵਿੱਚੋਂ ਚੂਹੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੇ। ਦਰਅਸਲ ਡੁਨੇਡਿਨ ਸਾਊਥ ਵੂਲਵਰਥਸ ਵਿਖੇ ਦੋ ਹੋਰ ਚੂਹੇ ਫੜੇ ਗਏ ਹਨ, ਅਹਿਮ ਗੱਲ ਹੈ ਕਿ ਇਸ ਨੂੰ ਦੁਬਾਰਾ ਖੁੱਲ੍ਹਿਆ ਅਜੇ ਇੱਕ ਮਹੀਨੇ ਦਾ ਸਮਾਂ ਹੀ ਹੋਇਆ ਹੈ। ਇਸ ਤੋਂ ਪਹਿਲਾ ਚੂਹਿਆਂ ਨੂੰ ਖਤਮ ਕਰਨ ਲਈ ਲਗਭਗ ਤਿੰਨ ਹਫਤਿਆਂ ਤੱਕ ਸਟੋਰ ਨੂੰ ਬੰਦ ਰੱਖਣ ਤੋਂ ਬਾਅਦ ਸੁਪਰਮਾਰਕੀਟ ਨੂੰ 28 ਫਰਵਰੀ ਨੂੰ ਦੁਬਾਰਾ ਖੋਲ੍ਹਿਆ ਗਿਆ ਸੀ। ਇੰਨ੍ਹਾਂ ਹੀ ਨਹੀਂ ਇਸ ਦੌਰਾਨ ਚੂਹਿਆਂ ਦੀ ਲਗਾਤਾਰ ਮੌਜੂਦਗੀ ਕਾਰਨ ਮੁੜ ਖੋਲ੍ਹਣ ਦੀਆਂ ਤਰੀਕਾਂ ਵੀ ਕਈ ਵਾਰ ਬਦਲੀਆਂ ਗਈਆਂ ਸੀ। ਵੂਲਵਰਥਸ ਨਿਊਜ਼ੀਲੈਂਡ ਦੇ ਸਟੋਰਾਂ ਦੇ ਡਾਇਰੈਕਟਰ ਜੇਸਨ ਸਟਾਕਿਲ ਨੇ ਕਿਹਾ ਕਿ ਦੁਬਾਰਾ ਖੁੱਲ੍ਹਣ ਤੋਂ ਬਾਅਦ ਸਟੋਰ ਵਿੱਚ “ਥੋੜ੍ਹੇ ਜਿਹੇ ਚੂਹੇ” ਫੜੇ ਗਏ ਹਨ।
ਉਸਨੇ ਕਿਹਾ ਕਿ ਕੀਟ ਪ੍ਰਬੰਧਨ ਇੱਕ ਭੋਜਨ ਕਾਰੋਬਾਰ ਨੂੰ ਚਲਾਉਣ ਦਾ ਇੱਕ “ਨਾਜ਼ੁਕ ਹਿੱਸਾ” ਹੈ ਅਤੇ “ਅਸੀਂ ਇਸ ਖੇਤਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਦੇਸ਼ ਭਰ ਵਿੱਚ ਰੈਂਟੋਕਿਲ ਅਤੇ ਨਿਊਜ਼ੀਲੈਂਡ ਫੂਡ ਸੇਫਟੀ ਨਾਲ ਮਿਲ ਕੇ ਕੰਮ ਕਰ ਰਹੇ ਹਾਂ।” ਨਿਊਜ਼ੀਲੈਂਡ ਫੂਡ ਸੇਫਟੀ ਦੇ ਡਿਪਟੀ ਡਾਇਰੈਕਟਰ-ਜਨਰਲ ਵਿਨਸੈਂਟ ਆਰਬਕਲ ਨੇ ਦੱਸਿਆ ਕਿ ਸਟੋਰ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਦੋ ਚੂਹੇ ਫੜੇ ਗਏ ਸਨ ਪਰ ਉਹ ਸੰਤੁਸ਼ਟ ਹਨ ਕਿ ਵੂਲਵਰਥ ਦਾ ਕੀਟ ਪ੍ਰਬੰਧਨ ‘ਤੇ ਧਿਆਨ ਕੇਂਦਰਤ ਹੈ। ਪਿਛਲੇ ਸਾਲ ਅਕਤੂਬਰ ਵਿੱਚ ਪਹਿਲੀ ਵਾਰ ਇਸ ਮੁੱਦੇ ਦਾ ਪਤਾ ਲੱਗਣ ਤੋਂ ਬਾਅਦ ਹੁਣ ਤੱਕ ਦਰਜਨਾਂ ਚੂਹੇ ਫੜੇ ਜਾ ਚੁੱਕੇ ਹਨ।