ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਐਤਵਾਰ ਨੂੰ ਕਿਹਾ ਕਿ ਕੁੱਝ ਗਾਇਕਾਂ ਨੇ ਗੈਂਗਸਟਰਾਂ ਨਾਲ ਮਿਲ ਕੇ ਉਨ੍ਹਾਂ ਦੇ ਪੁੱਤ ਦਾ ਕਤਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਇਸੇ ਕਰਕੇ ਸਿੱਧੂ ਦੀ ਮੌਤ ਦੇ ਇੱਕ ਸਾਲ ਬਾਅਦ ਵੀ ਉਨ੍ਹਾਂ ਦਾ ਵਾਲ ਵਿੰਗਾਂ ਨਹੀਂ ਹੋਇਆ। ਉਨ੍ਹਾਂ ਐਤਵਾਰ ਨੂੰ ਆਪਣੇ ਨਿਵਾਸ ਪਿੰਡ ਮੂਸੇ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ।
ਮੂਸੇਵਾਲਾ ਦੇ ਮਾਤਾ ਨੇ ਕਿਹਾ ਕਿ ਜਿਵੇਂ-ਜਿਵੇਂ ਸਿੱਧੂ ਮਸ਼ਹੂਰ ਹੁੰਦਾ ਗਿਆ, ਓਦਾਂ ਹੀ ਸਿੱਧੂ ਦੀ ਲੋਕਪ੍ਰਿਅਤਾ ਵਧਣ ਲੱਗੀ। ਕੁਝ ਗਾਇਕ ਇਸ ਨੂੰ ਹਜ਼ਮ ਨਹੀਂ ਕਰ ਸਕੇ। ਸਿੱਧੂ ਦੀ ਗਾਇਕੀ ਦਾ ਸਿਤਾਰਾ ਕੈਨੇਡਾ ਵਿੱਚ ਹੋਣ ਤੋਂ ਬਾਅਦ ਵੀ ਚਮਕਿਆ ਅਤੇ ਜਦੋਂ ਉਸ ਦੇ 19-19 ਸ਼ੋਅ ਹੋਏ ਤਾਂ ਮਾਨਸਾ ਇਲਾਕੇ ਦੇ ਇੱਕ ਗਾਇਕ ਸਮੇਤ ਕੁੱਝ ਗਾਇਕਾਂ ਨੇ ਮਿਲ ਕੇ ਮੂਸੇਵਾਲਾ ਖ਼ਿਲਾਫ਼ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦੀ ਸ਼ਿਕਾਇਤ ਕੀਤੀ ਸੀ।