ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ replacement ਦਾ ਐਲਾਨ ਕਰ ਦਿੱਤਾ ਹੈ। ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਟੀ-20 ਵਿਸ਼ਵ ਕੱਪ ‘ਚ ਬੁਮਰਾਹ ਦੀ ਜਗ੍ਹਾ ਲੈਣਗੇ। ਇਸ ਦੇ ਨਾਲ ਹੀ ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿੱਚ ਜਗ੍ਹਾ ਦਿੱਤੀ ਗਈ ਹੈ। ਟੀ-20 ਵਿਸ਼ਵ ਕੱਪ ਲਈ ਬੀਸੀਸੀਆਈ ਨੇ ਆਪਣੇ ਅੰਤਿਮ 15 ਖਿਡਾਰੀਆਂ ਦੀ ਸੂਚੀ ਆਈਸੀਸੀ ਨੂੰ ਭੇਜ ਦਿੱਤੀ ਹੈ।
ਅਕਤੂਬਰ ਦੇ ਪਹਿਲੇ ਹਫ਼ਤੇ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਜਸਪ੍ਰੀਤ ਬੁਮਰਾਹ ਪਿੱਠ ਦੇ ਦਰਦ ਕਾਰਨ ਟੀ-20 ਵਿਸ਼ਵ ਕੱਪ ਦਾ ਹਿੱਸਾ ਨਹੀਂ ਹੋਣਗੇ। ਬੁਮਰਾਹ ਦੀ ਥਾਂ ਲੈਣ ਦੀ ਦੌੜ ਵਿੱਚ ਮੁਹੰਮਦ ਸ਼ਮੀ ਦਾ ਨਾਂ ਸਭ ਤੋਂ ਅੱਗੇ ਸੀ। ਪਰ ਮੁਹੰਮਦ ਸ਼ਮੀ ਦੀ ਮੈਚ ਫਿਟਨੈੱਸ ਸਵਾਲਾਂ ਦੇ ਘੇਰੇ ‘ਚ ਸੀ। ਦਰਅਸਲ, ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਸ਼ਮੀ ਕੋਵਿਡ ਪੌਜੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਸ਼ਮੀ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਆਪਣੀ ਫਿਟਨੈੱਸ ‘ਤੇ ਕੰਮ ਕਰਨਾ ਪਿਆ ਅਤੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਮਿਲ ਗਈ।
ਬੀਸੀਸੀਆਈ ਨੇ ਆਪਣੇ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿੱਚ ਵੀ ਦੋ ਬਦਲਾਅ ਕੀਤੇ ਹਨ। ਮੁਹੰਮਦ ਸ਼ਮੀ ਦੇ ਮੁੱਖ ਟੀਮ ‘ਚ ਸ਼ਾਮਿਲ ਹੋਣ ਤੋਂ ਇਲਾਵਾ ਦੀਪਕ ਚਾਹਰ ਸੱਟ ਕਾਰਨ ਆਸਟ੍ਰੇਲੀਆ ਨਹੀਂ ਜਾ ਸਕੇ। ਇਸ ਲਈ ਰਿਜ਼ਰਵ ਖਿਡਾਰੀਆਂ ਦੇ ਦੋ ਸਲਾਟ ਖਾਲੀ ਕੀਤੇ ਗਏ ਸਨ। ਹੁਣ ਮੁਹੰਮਦ ਸਿਰਾਜ ਨੂੰ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿੱਚ ਮੁਹੰਮਦ ਸ਼ਮੀ ਦੀ ਥਾਂ ਦਿੱਤੀ ਗਈ ਹੈ। ਜਦਕਿ ਦੀਪਕ ਚਾਹਰ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ।