ਸੱਟ ਕਾਰਨ ਟੀਮ ਇੰਡੀਆ ਤੋਂ ਦੂਰ ਰਹਿਣ ਦੇ ਬਾਵਜੂਦ ਮੁਹੰਮਦ ਸ਼ਮੀ ਚਰਚਾ ‘ਚ ਹਨ। ਉਨ੍ਹਾਂ ਦੇ ਚਰਚੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਖੇਡ ਪੁਰਸਕਾਰ ਮਿਲਿਆ ਹੈ। ਇਸ ਭਾਰਤੀ ਤੇਜ਼ ਗੇਂਦਬਾਜ਼ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਮੀ ਨੇ ਇਹ ਸਨਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪ੍ਰਾਪਤ ਕੀਤਾ ਹੈ। ਸ਼ਮੀ ਇਹ ਪੁਰਸਕਾਰ ਹਾਸਿਲ ਕਰਨ ਵਾਲੇ 46ਵੇਂ ਪੁਰਸ਼ ਕ੍ਰਿਕਟਰ ਹਨ। ਜੇਕਰ ਅਸੀਂ ਇਸ ਵਿੱਚ ਇਹ ਪੁਰਸਕਾਰ ਹਾਸਲ ਕਰਨ ਵਾਲੀਆਂ 12 ਮਹਿਲਾ ਕ੍ਰਿਕਟਰਾਂ ਨੂੰ ਜੋੜੀਏ ਤਾਂ ਉਹ ਇਹ ਸਨਮਾਨ ਹਾਸਿਲ ਕਰਨ ਵਾਲੇ ਦੇਸ਼ ਦੇ 58ਵੇਂ ਕ੍ਰਿਕਟਰ ਹਨ। ਸ਼ਮੀ ਤੋਂ ਇਲਾਵਾ 25 ਹੋਰ ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ਼ਮੀ ਦਾ ਨਾਂ ਪਹਿਲਾਂ ਹੀ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਲਈ ਉਹ ਕਾਫੀ ਉਤਸ਼ਾਹਿਤ ਸਨ। ਉਨ੍ਹਾਂ ਨੇ ਇਸ ਖਾਸ ਪਲ ਨੂੰ ਆਪਣੇ ਸੁਪਨੇ ਸਾਕਾਰ ਹੋਣ ਵਾਂਗ ਦੱਸਿਆ ਸੀ। ਸ਼ਮੀ ਨੇ ਕਿਹਾ ਸੀ ਕਿ ਜ਼ਿੰਦਗੀ ਬੀਤ ਜਾਂਦੀ ਹੈ ਪਰ ਇਹ ਐਵਾਰਡ ਕਿਸੇ-ਕਿਸੇ ਨੂੰ ਮਿਲਦਾ ਹੈ। ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਂ ਇਹ ਪ੍ਰਾਪਤ ਕਰਨ ਜਾ ਰਿਹਾ ਹਾਂ।