ਪੰਜਾਬ ‘ਚ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਉਹ ਉਨ੍ਹਾਂ ਨੂੰ ਆਪਰੇਸ਼ਨ ਲੋਟਸ ਰਾਹੀਂ 100 ਕਰੋੜ ਰੁਪਏ ‘ਚ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਇੱਕ ਏਜੰਟ ਨੇ ਉਨ੍ਹਾਂ ਨੂੰ ਦਿੱਲੀ ਤੋਂ ਫੋਨ ਕਰ ਕੇ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਫੋਨ ਕਰਨ ਵਾਲੇ ਦੀ ਇਹ ਪੇਸ਼ਕਸ਼ ਸੁਣ ਕੇ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਕੁੱਝ ਨਹੀਂ ਕਰਨਗੇ। ਪਠਾਨ ਮਾਜਰਾ ਨੇ ਫੋਨ ਕਰਨ ਵਾਲੇ ਨੂੰ ਜਵਾਬ ਦਿੱਤਾ ਕਿ ਉਹ ਪਹਿਲੀ ਵਾਰ ਵਿਧਾਇਕ ਬਣੇ ਹਨ ਅਤੇ ‘ਆਪ’ ਨਾਲ ਹੀ ਰਹਿਣਗੇ।
ਇਸ ਤੋਂ ਪਹਿਲਾਂ ‘ਆਪ’ ਦੇ ਕਰੀਬ 35 ਵਿਧਾਇਕਾਂ ਨੇ ਵੀ ਭਾਜਪਾ ‘ਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਨੂੰ 25-25 ਕਰੋੜ ਰੁਪਏ ‘ਚ ਲੋਟਸ ਆਪਰੇਸ਼ਨ ਰਾਹੀਂ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ 10 ਵਿਧਾਇਕਾਂ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦੇ ਕੇ ਐਫਆਈਆਰ ਵੀ ਦਰਜ ਕਰਵਾਈ ਹੈ। ਪਰ ਅਜੇ ਤੱਕ ਇਸ ਮਾਮਲੇ ‘ਚ ਪੁਲਿਸ ਕਾਰਵਾਈ ਦੇ ਨਾਂਅ ‘ਤੇ ਕੁੱਝ ਨਹੀਂ ਹੋਇਆ ਹੈ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਇਜਲਾਸ ਪੂਰਾ ਹੋਣ ਤੋਂ ਬਾਅਦ ਪਠਾਨ ਮਾਜਰਾ ਮੀਡੀਆ ਦੇ ਸਾਹਮਣੇ ਪੇਸ਼ ਹੋਏ ਅਤੇ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਨੂੰ ਅਪਰੇਸ਼ਨ ਲੋਟਸ ਰਾਹੀਂ 100 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਸੀ।