ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਿਛਲੇ 10-12 ਦਿਨਾਂ ਤੋਂ ਲਗਾਤਾਰ ਵਿਧਾਇਕ ਗੋਗੀ ਨੂੰ ਫੋਨ ਕਰ ਰਹੇ ਹਨ। ਮੁਲਜ਼ਮ ਕਦੇ ਵਿਧਾਇਕ ਤੋਂ 15 ਲੱਖ ਦੀ ਫਿਰੌਤੀ ਮੰਗਦੇ ਹਨ ਤੇ ਕਦੇ 25 ਲੱਖ ਦੀ ਮੰਗ ਕਰਦੇ ਹਨ। ਇਸ ਤਰ੍ਹਾਂ ਵਿਧਾਇਕਾਂ ਨੂੰ ਫਿਰੌਤੀ ਲਈ ਫੋਨ ਆਉਣਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਢਿੱਲੀ ਕਾਰਵਾਈ ‘ਤੇ ਸਵਾਲੀਆ ਨਿਸ਼ਾਨ ਹੈ। ਕਾਲ ਕਰਨ ਵਾਲਾ ਖੁਦ ਨੂੰ ਗੋਲਡੀ ਬਰਾੜ ਦਾ ਸਾਥੀ ਦੱਸ ਰਿਹਾ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਖੁਦ ਇਸ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ।
ਵਿਧਾਇਕ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਹ ਚੰਡੀਗੜ੍ਹ ਵਿਖੇ ਹਨ। ਪਿਛਲੇ 12 ਦਿਨਾਂ ਤੋਂ ਉਨ੍ਹਾਂ ਨੂੰ ਗੈਂਗਸਟਰਾਂ ਦੇ ਨਾਮ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਕਾਲਰ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ‘ਤੇ ਕਾਲ ਕਰ ਰਹੇ ਹਨ। ਮੁਲਜ਼ਮ ਉਨ੍ਹਾਂ ਨੂੰ ਸਿੱਧਾ ਕਹਿ ਰਿਹਾ ਹੈ ਕਿ ਉਸ ਦੇ ਖਾਤੇ ਵਿੱਚ 25 ਲੱਖ ਰੁਪਏ ਜਮ੍ਹਾਂ ਕਰਵਾ ਦਿਓ, ਨਹੀਂ ਤਾਂ ਉਹ ਵਿਧਾਇਕ ਦੀ ਹਾਲਤ ਵੀ ਮੂਸੇਵਾਲਾ ਵਰਗੀ ਕਰ ਦੇਣਗੇ। ਗੋਗੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਹੈ। ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਕੇ ਹੀ ਦਮ ਲਵੇਗੀ। ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਗੈਂਗਸਟਰਵਾਦ ਵਧਿਆ ਹੈ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਗੈਂਗਸਟਰਾਂ ਅੱਗੇ ਝੁਕਣ ਵਾਲੀ ਨਹੀਂ ਹੈ।