ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਅਤੇ ਵਿਦੇਸ਼ ਪਰਤਣ ਤੋਂ ਬਾਅਦ ਪਹਿਲੀ ਵਾਰ ਹਰਨਾਜ਼ ਕੌਰ ਸੰਧੂ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਹਰਨਾਜ਼ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ। ਹਰਨਾਜ਼ ਨੇ ਗੁਰੂ ਕੀ ਬਾਣੀ ਵੀ ਸਰਵਣ ਕੀਤੀ। ਹਰਨਾਜ਼ ਸੰਧੂ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ‘ਤੇ ਵੱਡੀ ਗਿਣਤੀ ਵਿੱਚ ਭੀੜ ਉਸ ਦੀ ਇੱਕ ਝਲਕ ਪਾਉਣ ਲਈ ਉਮੜ ਪਈ। ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਵੀ ਕੀਤੀ।
ਖਾਸ ਗੱਲ ਇਹ ਹੈ ਕਿ ਹਰਨਾਜ਼ ਨੇ ਇੱਕ ਆਮ ਸ਼ਰਧਾਲੂ ਵਾਂਗ ਲਾਈਨ ਵਿੱਚ ਲੱਗ ਕੇ ਮੱਥਾ ਟੇਕਿਆ। ਮਿਸ ਯੂਨੀਵਰਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।ਦੱਸ ਦਈਏ ਕਿ 21 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਰਨਾਜ਼ ਸੰਧੂ ਨੇ ਭਾਰਤ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਦਿਵਾ ਕੇ ਦੇਸ਼ ਦਾ ਮਾਣ ਵਧਾਇਆ ਹੈ। ਉਸ ਨੇ 80 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ।