ਸਾਲ 2022 ਦੀ ਮਿਸ ਯੂਨੀਵਰਸ ਫਾਈਨਲਿਸਟ ਅਤੇ ਆਸਟ੍ਰੇਲੀਆਈ ਫੈਸ਼ਨ ਮਾਡਲ ਸਿਏਨਾ ਵੀਰ ਦੀ 23 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਸਿਏਨਾ ਘੋੜ ਸਵਾਰੀ ਦੌਰਾਨ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਮਾਡਲ ਪਿਛਲੇ ਮਹੀਨੇ ਆਸਟ੍ਰੇਲੀਆ ‘ਚ ਘੋੜਸਵਾਰੀ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਮਗਰੋਂ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
News.com.au ਦੀ ਇਕ ਰਿਪੋਰਟ ਮੁਤਾਬਿਕ ਆਸਟ੍ਰੇਲੀਆਈ ਫੈਸ਼ਨ ਮਾਡਲ ਸਿਏਨਾ ਵੀਰ 2 ਅਪ੍ਰੈਲ ਨੂੰ ਵਿੰਡਸਰ ਪੋਲੋ ਗਰਾਊਂਡ ‘ਤੇ ਘੋੜੇ ਦੀ ਸਵਾਰੀ ਕਰ ਰਹੀ ਸੀ। ਇਸੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਰਿਪੋਰਟ ਮੁਤਾਬਿਕ ਘੋੜਾ ਕੰਟਰੋਲ ਗੁਆ ਬੈਠਾ ਸੀ ਅਤੇ ਜ਼ਮੀਨ ‘ਤੇ ਡਿੱਗ ਗਿਆ ਸੀ। ਜਿਸ ਵਿੱਚ ਮਾਡਲ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜਲਦਬਾਜ਼ੀ ‘ਚ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਕਈ ਹਫਤਿਆਂ ਤੱਕ ਵੈਂਟੀਲੇਟਰ ‘ਤੇ ਰੱਖਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
23 ਸਾਲਾ ਸਿਏਨਾ ਵੀਰ ਦੀ ਮੌਤ ਦੀ ਖਬਰ ਉਸ ਦੇ ਪਰਿਵਾਰ ਵਾਲਿਆਂ ਨੇ ਦਿੱਤੀ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਡਲ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹ ਸਾਡੇ ਵਿਚਕਾਰ ਨਹੀਂ ਰਹੀ। ਉਨ੍ਹਾਂ ਦੀ ਮਾਡਲਿੰਗ ਏਜੰਸੀ ਸਕੂਪ ਮੈਨੇਜਮੈਂਟ ਨੇ ਵੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ ਪੋਸਟ ਕਰਦੇ ਹੋਏ ਏਜੰਸੀ ਨੇ ਲਿਖਿਆ ਕਿ ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ।