ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਐਸੋਸੀਏਟ ਮੰਤਰੀ ਕ੍ਰਿਸ ਪੇਂਕ, ਤੇ ਐਮਪੀ ਗਰੇਗ ਫਲੇਮਿੰਗ, ਐਮਪੀ ਰੀਮਾ ਨਾਖਲੇ ਅਤੇ ਕੌਂਸਲਰ ਡੇਨੀਅਲ ਨਿਊਮੈਨ ਮੰਗਲਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਮੈਟ ਰੌਬਸਨ ਅਤੇ ਦਲਜੀਤ ਸਿੰਘ ਵੀ ਮੌਜੂਦ ਸਨ। ਦੱਸ ਦੇਈਏ ਸਾਰੇ ਆਗੂ ਗੁਰੂਘਰ ਵਿਖੇ ਕਰੀਬ 2 ਘੰਟੇ ਮੌਜੂਦ ਰਹੇ ਤੇ ਉਨ੍ਹਾਂ ਵਿਆਪਕ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਵੱਖ-ਵੱਖ ਚਿੰਤਾਵਾਂ ‘ਤੇ ਚਰਚਾ ਵੀ ਕੀਤੀ।
ਉੱਥੇ ਹੀ ਮੰਤਰੀ ਪੇਂਕ ਨੇ ਸਪੋਰਟਸ ਕੰਪਲੈਕਸ, ਚਾਈਲਡ ਕੇਅਰ ਸੈਂਟਰ, ਸਕੂਲ ਅਤੇ ਗੁਰਦੁਆਰਿਆਂ ਸਮੇਤ ਸਮੁਦਾਏ ਦੀਆਂ ਵਿਸਤ੍ਰਿਤ ਸਹੂਲਤਾਂ ਦੀ ਪ੍ਰਸ਼ੰਸਾ ਵੀ ਕੀਤੀ। ਮੰਤਰੀ ਨੇ ਭੋਜਨ ਪਾਰਸਲਾਂ ਦੇ ਨਾਲ ਵਿਆਪਕ ਭਾਈਚਾਰੇ ਦੀ ਸਹਾਇਤਾ ਕਰਨ ਲਈ ਟੀਮ SSSNZ ਦੇ ਯਤਨਾਂ ਦੀ ਵੀ ਸ਼ਲਾਂਘਾ ਕੀਤੀ। ਇਸ ਦੌਰਾਨ ਸੋਸਾਇਟੀ ਟਕਸਾਲੀ ਗੁਰਦੁਆਰਾ ਸਾਹਿਬਾਨ, ਖਜ਼ਾਨਚੀ ਮਨਜਿੰਦਰ ਸਿੰਘ, ਚੇਅਰਪਰਸਨ ਸਤਨਾਮ ਸਿੰਘ ਅਤੇ ਕਰਤਾਰ ਸਿੰਘ ਵੀ ਹਾਜ਼ਰ ਸਨ। ਦੋ ਘੰਟੇ ਦੇ ਦੌਰੇ ਮਗਰੋਂ ਮੰਤਰੀ ਨੂੰ ਇੱਕ ਸਨਮਾਨ ਚਿਨ੍ਹ ਵੀ ਭੇਟ ਕੀਤਾ ਗਿਆ।