ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਰਾਸ਼ਟਰੀ ਪੱਧਰ ‘ਤੇ ਇੱਕੋ ਮੰਚ ‘ਤੇ ਆ ਗਈਆਂ ਹਨ। ਦੋਵੇਂ ਪਾਰਟੀਆਂ I.N.D.I.A ਗਠਜੋੜ ਦਾ ਹਿੱਸਾ ਹਨ, ਪਰ ਪੰਜਾਬ ਵਿਚ ਦੋਵਾਂ ਪਾਰਟੀਆਂ ਵਿਚ ਸਭ ਕੁਝ ਠੀਕ ਨਹੀਂ ਹੈ। ਕਾਂਗਰਸ ਨੇਤਾਵਾਂ ਤੋਂ ਬਾਅਦ ਹੁਣ ‘ਆਪ’ ਸਰਕਾਰ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਸਾਡੀ ਪਾਰਟੀ ਨੂੰ ਚੁਣਿਆ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਸਾਰੇ ਵਾਅਦੇ ਪੂਰੇ ਕਰਨੇ ਪੈਣਗੇ। ਉਨ੍ਹਾਂ ਦੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਲੜੇਗੀ। ਕਾਂਗਰਸ ਨਾਲ ਸੀਟਾਂ ਦੀ ਵੰਡ ਦਾ ਕੋਈ ਫਾਰਮੂਲਾ ਨਹੀਂ ਹੈ। ਪਾਰਟੀ ਆਪਣੇ ਪੱਧਰ ‘ਤੇ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ।
ਦੂਜੇ ਪਾਸੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ ਸੀ। ਇਸ ਵਿੱਚ ਜ਼ਿਆਦਾਤਰ ਕਾਂਗਰਸੀ ਆਗੂ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ਦੇ ਹੱਕ ਵਿੱਚ ਨਹੀਂ ਸਨ। ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋ ਦਿਨ ਮੀਟਿੰਗ ਕਰਕੇ ਆਗੂਆਂ ਦੀ ਨਬਜ਼ ਫੜੀ ਸੀ। ਇਸ ਦੌਰਾਨ ਜ਼ਿਆਦਾਤਰ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਦੌਰਾਨ ਜਿਸ ਤਰ੍ਹਾਂ ਪੰਜਾਬ ‘ਚ ਕਾਂਗਰਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਦੇ ਮੱਦੇਨਜ਼ਰ ਪਾਰਟੀ ਆਗੂਆਂ ਵਿਰੁੱਧ ਕੇਸ ਦਰਜ ਕਰਕੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈ, ਜਿਸ ਨੂੰ ਦੇਖਦਿਆਂ ਉਹ ਪਾਰਟੀ ਨਾਲ ਨਹੀਂ ਹਨ ਅਤੇ ਚੋਣਾਂ ਇਕੱਠੇ ਨਹੀਂ ਲੜੀਆਂ ਜਾ ਸਕਦੀਆਂ।