ਵਰਕ ਵੀਜ਼ੇ ਲਈ ਹਜ਼ਾਰਾਂ ਡਾਲਰ ਅਦਾ ਕਰਨ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੇ ਦਰਜਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਉਨ੍ਹਾਂ ਦੇ ਨਿਊਜ਼ੀਲੈਂਡ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਮਾਲਕ ਦੁਆਰਾ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਗਿਆ ਜਿਸ ਕਾਰਨ ਸਾਰੇ ਮਜ਼ਦੂਰ ਕਾਫੀ ਬਿਪਤਾ ‘ਚ ਹਨ। ਇੰਨਾਂ ਹੀ ਨਹੀਂ ਇੰਨ੍ਹਾਂ ਵਿੱਚੋਂ ਕਈਆਂ ਕੋਲ ਤਾਂ ਰੋਟੀ ਪਾਣੀ ਲਈ ਵੀ ਪੈਸੇ ਨਹੀਂ ਹਨ।
ਮਜ਼ਦੂਰਾਂ ਵਿੱਚੋਂ ਜ਼ਿਆਦਾਤਰ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ (ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ, AEWV) ਸਕੀਮ ‘ਤੇ ਦੇਸ਼ ਵਿੱਚ ਆਏ ਹਨ, ਜੋ ਪਿਛਲੇ ਸਾਲ ਜੁਲਾਈ ਵਿੱਚ ਸ਼ੁਰੂ ਹੋਈ ਸੀ ਅਤੇ ਸ਼ੋਸ਼ਣ ਨੂੰ ਘਟਾਉਣ ਵਿੱਚ ਮਦਦ ਲਈ ਤਿਆਰ ਕੀਤੀ ਗਈ ਸੀ। ਇਸ ਲਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ‘ਤੇ ਰੱਖ ਰਹੀਆਂ ਕੰਪਨੀਆਂ ਨੂੰ ਕਾਗਜ਼ੀ ਕਾਰਵਾਈ ਦਿਖਾਉਣ ਦੀ ਲੋੜ ਸੀ ਕਿ ਉਹ ਚੰਗੇ ਪ੍ਰਵਾਸੀ ਰੁਜ਼ਗਾਰਦਾਤਾ ਹਨ। ਵੀਜ਼ਾ ਦੀ ਦੁਰਵਰਤੋਂ ਬਾਰੇ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ), ਚੀਨੀ ਦੂਤਾਵਾਸ ਅਤੇ ਕਈ ਕਮਿਊਨਿਟੀ ਸੇਵਾ ਸਮੂਹਾਂ ਸਮੇਤ ਕਈ ਏਜੰਸੀਆਂ ਵੀ ਜਾਣੂ ਹਨ।
INZ ਨੇ ਕਿਹਾ ਕਿ ਅਗਸਤ 2022 ਤੋਂ ਇਸ ਸਾਲ ਮਈ ਦਰਮਿਆਨ 63,075 ਵੀਜ਼ੇ ਇਸ ਸਕੀਮ ਤਹਿਤ ਮਨਜ਼ੂਰ ਕੀਤੇ ਗਏ ਸਨ। ਇਸੇ ਤਰ੍ਹਾਂ ਦੇ ਤਜ਼ਰਬਿਆਂ ਵਾਲੇ ਲਗਭਗ 60 ਵਰਕਰਾਂ ਦਾ ਇੱਕ ਸਮੂਹ ਸੋਸ਼ਲ ਮੀਡੀਆ ਰਾਹੀਂ ਇਕੱਠਾ ਹੋ ਗਿਆ ਹੈ ਅਤੇ ਰਿਪੋਰਟਾਂ ਅਨੁਸਾਰ ਲਗਭਗ 100 ਵਰਕਰਾਂ ਨੇ ਆਕਲੈਂਡ ਵਿੱਚ ਇੱਕ ਪ੍ਰਮੁੱਖ ਚੀਨੀ ਭਾਈਚਾਰਕ ਸਹਾਇਤਾ ਸੰਸਥਾ ਤੋਂ ਮਦਦ ਵੀ ਮੰਗੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਵਾਸੀ ਕਰਮਚਾਰੀ ਕਿਤੇ ਹੋਰ ਕੰਮ ਵੀ ਨਹੀਂ ਕਰ ਸਕਦੇ, ਕਿਉਂਕਿ ਇਨ੍ਹਾਂ ਦੇ ਕੰਮ ਕਰਨ ਦੇ ਹੱਕ ਇੱਕੋ ਇਮਪਲਾਇਰ ਨਾਲ ਹੀ ਜਾਇਜ ਹੁੰਦੇ ਹਨ। ਪ੍ਰਵਾਸੀ ਕਰਮਚਾਰੀਆਂ ਲਈ AEWV ਸ਼੍ਰੇਣੀ ਕੁੱਝ ਵੀ ਕਾਰਗਰ ਸਾਬਿਤ ਨਹੀਂ ਹੋ ਰਹੀ ਅਤੇ ਇਹ ਚੀਨੀ ਮੂਲ ਦੇ ਦਰਜਨਾਂ ਕਰਮਚਾਰੀ ਇਸ ਦੀ ਵੱਡੀ ਉਦਾਹਰਨ ਹਨ।