ਦਿੱਲੀ ਕੈਪੀਟਲਸ ਅੱਜ ਆਪਣੇ ਘਰੇਲੂ ਮੈਦਾਨ ‘ਤੇ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। ਇਸ ਸੀਜ਼ਨ ਵਿੱਚ ਦਿੱਲੀ ਨੂੰ ਆਪਣੇ ਪਿਛਲੇ ਤਿੰਨ ਮੈਚਾਂ ਵਿੱਚ ਇੱਕ ਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਵੀ ਇਸ ਸੀਜ਼ਨ ਦੇ ਆਪਣੇ ਦੋਵੇਂ ਮੈਚ ਹਾਰ ਚੁੱਕੀ ਹੈ। ਯਾਨੀ ਦੋਵਾਂ ਟੀਮਾਂ ਦੀ ਜਿੱਤ ਦਾ ਖਾਤਾ ਹੁਣ ਤੱਕ ਨਹੀਂ ਖੁੱਲ੍ਹਿਆ ਹੈ। ਅਜਿਹੇ ‘ਚ ਇਹ ਟੀਮਾਂ ਅੱਜ ਆਪਣੀ ਹਾਰ ਦਾ ਸਿਲਸਿਲਾ ਤੋੜਨਾ ਚਾਹੁਣਗੀਆਂ।
ਆਈਪੀਐਲ 2023 ਵਿੱਚ ਹੁਣ ਤੱਕ ਦੋਵੇਂ ਟੀਮਾਂ ਬੇਰੰਗ ਰਹੀਆਂ ਹਨ। ਕਿਹਾ ਜਾ ਸਕਦਾ ਹੈ ਕਿ ਦੋਵੇਂ ਟੀਮਾਂ ਲਗਪਗ ਇੱਕੋ ਜਿਹੀ ਫਾਰਮ ਵਿੱਚ ਹਨ। ਇਨ੍ਹਾਂ ਟੀਮਾਂ ‘ਚ ਕੁੱਝ ਹੀ ਖਿਡਾਰੀ ਚੰਗਾ ਖੇਡ ਸਕੇ ਹਨ, ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਮਾੜਾ ਰਿਹਾ ਹੈ। ਅਜਿਹੇ ‘ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਅੱਜ ਦੇ ਮੈਚ ‘ਚ ਕਿਹੜੀ ਟੀਮ ਦਾ ਪੱਲੜਾ ਭਾਰੀ ਹੋਵੇਗਾ।
ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 32 ਮੈਚ ਹੋਏ ਹਨ। ਇਨ੍ਹਾਂ ਵਿੱਚੋਂ ਦਿੱਲੀ ਨੇ 15 ਅਤੇ ਮੁੰਬਈ ਨੇ 17 ਮੈਚ ਜਿੱਤੇ ਹਨ। ਯਾਨੀ ਕਿ ਆਈਪੀਐਲ ਵਿੱਚ ਇਨ੍ਹਾਂ ਦੋਨਾਂ ਟੀਮਾਂ ਦਾ ਮੁਕਾਬਲਾ ਲਗਭਗ ਬਰਾਬਰ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਖਿਲਾਫ ਦਿੱਲੀ ਕੈਪੀਟਲਸ ਦਾ ਲਗਭਗ ਬਰਾਬਰ ਦਾ ਰਿਕਾਰਡ ਹੈ, ਜਿਸ ਨੇ ਇੱਕ ਵਾਰ ਵੀ ਆਈਪੀਐਲ ਦਾ ਖਿਤਾਬ ਨਹੀਂ ਜਿੱਤਿਆ ਹੈ।