IPL 2023 ਦਾ 54ਵਾਂ ਮੈਚ ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਇਸ ਮੈਚ ‘ਚ MI ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ ਸਨ। ਕਪਤਾਨ ਫਾਫ ਡੁਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਤੀਜੇ ਵਿਕਟ ਲਈ ਸ਼ਾਨਦਾਰ ਸਾਂਝੇਦਾਰੀ ਕੀਤੀ ਸੀ। ਜਵਾਬ ‘ਚ ਮੁੰਬਈ ਨੇ 16.3 ਓਵਰਾਂ ‘ਚ 4 ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ ਅਤੇ ਮੈਚ 6 ਵਿਕਟਾਂ ਨਾਲ ਜਿੱਤ ਲਿਆ।
200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਸ਼ਾਨਦਾਰ ਰਹੀ। ਈਸ਼ਾਨ ਕਿਸ਼ਨ ਨੇ ਆਉਂਦੇ ਹੀ ਵੱਡੇ ਸ਼ਾਟ ਮਾਰਨੇ ਸ਼ੁਰੂ ਕਰ ਦਿੱਤੇ, ਜਦਕਿ ਦੂਜੇ ਸਿਰੇ ‘ਤੇ ਰੋਹਿਤ ਸ਼ਰਮਾ ਚੁੱਪ ਰਹੇ। 5ਵੇਂ ਓਵਰ ਦੀ ਚੌਥੀ ਗੇਂਦ ‘ਤੇ ਈਸ਼ਾਨ ਕਿਸ਼ਨ 21 ਗੇਂਦਾਂ ‘ਤੇ 42 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਉਸੇ ਓਵਰ ਦੀ ਆਖਰੀ ਗੇਂਦ ‘ਤੇ ਵਨਿੰਦੂ ਹਸਾਰੰਗਾ ਨੇ ਰੋਹਿਤ ਸ਼ਰਮਾ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਹਾਲਾਂਕਿ ਰੋਹਿਤ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆਏ। ਮੁੰਬਈ ਦੇ ਕਪਤਾਨ ਨੇ 8 ਗੇਂਦਾਂ ‘ਤੇ 7 ਦੌੜਾਂ ਬਣਾਈਆਂ।