ਆਸਟ੍ਰੇਲੀਆ ਤੋਂ 2 ਸਿੱਖ ਨੌਜਵਾਨਾਂ ਅਤੇ ਯੂਨਾਇਟੇਡ ਸਿੱਖ ਸੰਸਥਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਯੂਨਾਇਟੇਡ ਸਿੱਖ ਸੰਸਥਾ ਦੇ ਨੁਮਾਇੰਦੇ ਆਸਟ੍ਰੇਲੀਆ ਦੇ ਸਿਡਨੀ ‘ਚ ਰਹਿੰਦੇ ਸਿੱਖ ਨੌਜਵਾਨ ਜੱਸੀ ਤੇ ਉਸਦੇ ਸਾਥੀ ਲਈ ਕਿਸੇ ਫਰਿਸ਼ਤੇ ਨਾਲੋਂ ਘੱਟ ਨਹੀਂ ਨੇ। ਇੱਕ ਰਿਪੋਰਟ ਅਨੁਸਾਰ ਸਾਲ 2020 ‘ਚ ਸਿਡਨੀ ਦੇ ਹੇਰਿਸ ਪਾਰਕ ‘ਚ ਲੋਕਲ ਭਾਈਚਾਰੇ ਵਿਚਾਲੇ ਹੋਈ ਇੱਕ ਲੜਾਈ ਦੇ ਮਾਮਲੇ ਵਿੱਚ ਦੋਵਾਂ ਨੌਜਵਾਨਾਂ ‘ਤੇ ਲੜਾਈ ਕਰਨ, ਡਰਾਉਣ-ਧਮਕਾਉਣ ਦੇ ਦੋਸ਼ ਲਾਏ ਗਏ ਸਨ, ਇਨ੍ਹਾਂ ਦੋਸ਼ਾਂ ਦੇ ਉੱਪਰ ਇੱਕ ਹੋਰ ਦੋਸ਼ ਨਸਲਵਾਦ ਦਾ ਵੀ ਸੀ। ਫਿਰ ਇਸੇ ਮਾਮਲੇ ਦੀ ਗੰਭੀਰਤਾ ਨੂੰ ਦੇਖ ਯੂਨਾਇਟੇਡ ਸਿਖਸ ਸੰਸਥਾ ਦੇ ਵੱਲੋਂ ਇੰਨਾਂ ਨੌਜਵਾਨਾਂ ਦੀ ਮਦਦ ਕੀਤੀ ਗਈ ਅਤੇ ਕਈ ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਲੜ ਜੱਸੀ ਤੇ ਉਸਦੇ ਦੋਸਤ ਤੋਂ ਸਾਰੇ ਦੋਸ਼ ਹਟਵਾਏ ਗਏ। ਹੁਣ ਜੱਜ ਵੱਲੋਂ ਦੋਵਾਂ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੋਵੇ ਮੁੰਡੇ ਹੁਣ ਯੂਨਾਇਟੇਡ ਸਿੱਖਸ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਤੁਹਾਨੂੰ ਦੱਸ ਦੇਈਏ ਯੂਨਾਇਟੇਡ ਸਿਖਸ ਸੰਸਥਾ ਇੱਕ ਨੋਨ-ਪ੍ਰੌਫਿਟ ਸੰਸਥਾ ਹੈ ਜੋ ਦੁਨੀਆਂ ਭਰ ‘ਚ ਹਾਸ਼ੀਆਗ੍ਰਸਤ ਭਾਈਚਾਰਿਆਂ ਦੀ ਕਾਨੂੰਨੀ ਲੜਾਈ ਲੜ ਕੇ ਮੱਦਦ ਕਰਦੀਆਂ ਹਨ।
