ਆਸਟ੍ਰੇਲੀਆ ‘ਚ ਚੱਲ ਰਹੀ ਬਿਗ ਬੈਸ਼ ਲੀਗ ਦਾ 12ਵਾਂ ਸੀਜ਼ਨ ਸ਼ੁਰੂਆਤ ‘ਚ ਕੁੱਝ ਟੀਮਾਂ ਅਤੇ ਖਿਡਾਰੀਆਂ ਲਈ ਕਾਫੀ ਖਰਾਬ ਰਿਹਾ, ਜੋ ਹੁਣ ਜ਼ਬਰਦਸਤ ਵਾਪਸੀ ਕਰ ਰਹੇ ਹਨ। ਇੱਕ ਪਾਸੇ ਸਿਡਨੀ ਥੰਡਰ ਨੇ 15 ਦੌੜਾਂ ‘ਤੇ ਆਲ ਆਊਟ ਹੋਣ ਦੇ ਸ਼ਰਮਨਾਕ ਰਿਕਾਰਡ ਤੋਂ ਵਾਪਸੀ ਕਰਦੇ ਹੋਏ ਇਸ ਸੈਸ਼ਨ ‘ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਆਲਰਾਊਂਡਰ ਮਾਰਕਸ ਸਟੋਇਨਿਸ ਨੇ ਵੀ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ ਹੈ। ਇਤਫ਼ਾਕ ਨਾਲ ਦੋਵੇਂ ਇੱਕੋ ਦਿਨ ਯਾਨੀ 31 ਦਸੰਬਰ ਨੂੰ ਹੋਏ ਹਨ।
ਸ਼ਨੀਵਾਰ ਨੂੰ ਐਡੀਲੇਡ ‘ਚ ਖੇਡੇ ਗਏ ਮੈਚ ‘ਚ ਮੈਲਬੌਰਨ ਸਟਾਰਸ ਨੇ ਮੇਜ਼ਬਾਨ ਐਡੀਲੇਡ ਸਟ੍ਰਾਈਕਰਸ ਨੂੰ 8 ਦੌੜਾਂ ਦੇ ਕਰੀਬੀ ਫਰਕ ਨਾਲ ਹਰਾਇਆ। ਮਾਰਕਸ ਸਟੋਇਨਿਸ ਮੈਲਬੌਰਨ ਦੀ ਜਿੱਤ ਦਾ ਸਿਤਾਰਾ ਸਾਬਿਤ ਹੋਇਆ ਹੈ, ਜਿਸ ਨੇ ਫਾਰਮ ‘ਚ ਵਾਪਸੀ ਦਾ ਐਲਾਨ ਕਰਦੇ ਹੋਏ ਧਮਾਕੇਦਾਰ ਪਾਰੀ ਖੇਡੀ ਅਤੇ ਟੀਮ ਨੂੰ 186 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਮੈਲਬੌਰਨ ਦੀ ਪਾਰੀ ਦੇ 10ਵੇਂ ਓਵਰ ‘ਚ ਚੌਥੇ ਨੰਬਰ ‘ਤੇ ਬੱਲੇਬਾਜ਼ੀ ਲਈ ਆਏ ਸਟੋਇਨਿਸ ਨੇ ਆਉਂਦੇ ਹੀ ਗੇਂਦਬਾਜ਼ਾਂ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਉਸਦੇ ਹਮਲੇ ਨੇ ਸਟ੍ਰਾਈਕਰਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਕਿਉਂਕਿ ਇਸ ਮੈਚ ਤੋਂ ਪਹਿਲਾਂ ਸਟੋਇਨਿਸ ਦੀ ਫਾਰਮ ਬਹੁਤ ਖਰਾਬ ਸੀ। ਸਟੋਨਿਸ ਨੇ ਆਪਣਾ ਅਸਲੀ ਅੰਦਾਜ਼ ਦਿਖਾਇਆ।
ਸਟੋਨਿਸ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਆਊਟ ਹੋ ਗਏ ਸਨ ਪਰ ਇਸ ਸਮੇਂ ਤੱਕ ਉਹ ਆਪਣਾ ਕੰਮ ਕਰ ਚੁੱਕੇ ਸਨ। ਸਟੋਨਿਸ ਨੇ 211 ਦੇ ਸਟ੍ਰਾਈਕ ਰੇਟ ‘ਤੇ ਸਿਰਫ਼ 35 ਗੇਂਦਾਂ ‘ਤੇ 74 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਪਾਰੀ ‘ਚ ਉਸ ਦੇ ਬੱਲੇ ‘ਚੋਂ 5 ਚੌਕੇ ਅਤੇ 6 ਛੱਕੇ ਨਿਕਲੇ, ਜਿਸ ਨੇ ਗੇਂਦਬਾਜ਼ਾਂ ਦੇ ਸਟਰਾਈਕਰਾਂ ਦਾ ਧੂੰਆਂ ਕੱਢ ਦਿੱਤਾ।