ਭਾਰਤ-ਪਾਕਿਸਤਾਨ ਮੈਚ ‘ਚ ਕੈਚ ਛੱਡਣ ਤੋਂ ਬਾਅਦ ਟ੍ਰੋਲ ਹੋ ਰਹੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਦਾ ਸਮਰਥਨ ਮਿਲਿਆ ਹੈ। ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਦੇ ਬੈਟ ਵੀ ਨਹੀਂ ਫੜਿਆ, ਓਹੀ ਇਹ ਸਭ ਕੁੱਝ ਕਰ ਰਹੇ ਹਨ। ਅਰਸ਼ਦੀਪ ਆਪਣੀ ਪ੍ਰਤਿਭਾ ਦੇ ਦਮ ‘ਤੇ 140 ਕਰੋੜ ਦੀ ਆਬਾਦੀ ‘ਚੋਂ 11 ਖਿਡਾਰੀਆਂ ਦੀ ਟੀਮ ‘ਚ ਖੇਡ ਰਿਹਾ ਹੈ। ਹਰ ਕਿਸੇ ਦੇ ਚੰਗੇ ਅਤੇ ਮਾੜੇ ਦਿਨ ਹੁੰਦੇ ਹਨ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਜ਼ਾਕ ਨੂੰ ਮੰਦਭਾਗਾ ਕਰਾਰ ਦਿੱਤਾ।
ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਅਰਸ਼ਦੀਪ ਰਾਤ ਨੂੰ ਬਹੁਤ ਦੁਖੀ ਸੀ। ਉਨ੍ਹਾਂ ਕਿਹਾ ਕਿ ਮੈਂ ਉਸਨੂੰ ਬਹੁਤ ਸਮਝਾਇਆ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ। ਅਰਸ਼ਦੀਪ ਦੇ ਮਾਤਾ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਪੂਰੀ ਟੀਮ ਅਰਸ਼ਦੀਪ ਦੇ ਨਾਲ ਹੈ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਰਸ਼ਦੀਪ ਨੂੰ ਆਪਣੀ ਖੇਡ ‘ਤੇ ਧਿਆਨ ਦੇਣਾ ਚਾਹੀਦਾ ਹੈ। ਜਦੋਂ ਉਹ ਪੰਜਾਬ ਆਵੇਗਾ ਤਾਂ ਉਸ ਨੂੰ ਏਅਰਪੋਰਟ ਤੋਂ ਢੋਲ ਵਜਾ ਕੇ ਆਪਣੇ ਨਾਲ ਲੈ ਕੇ ਆਵਾਂਗੇ।