ਪੰਜਾਬ ‘ਚ ਅੰਮ੍ਰਿਤਸਰ ਦੇ ਨਾਗਕਲਾਂ ਇਲਾਕੇ ‘ਚ ਵੀਰਵਾਰ ਦੇਰ ਸ਼ਾਮ ਇਕ ਫਾਰਮਾਸਿਊਟੀਕਲ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਫੈਕਟਰੀ ‘ਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਰਾਤ 10.30 ਵਜੇ ਤੱਕ ਫੈਕਟਰੀ ਵਿੱਚ ਕੰਮ ਕਰਦੇ ਕਈ ਕਾਰੀਗਰਾਂ ਅਤੇ ਕਰਮਚਾਰੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਫੈਕਟਰੀ ਕੈਂਪਸ ਅੰਦਰ ਤੇਲ ਦੇ 500 ਡਰੰਮ ਪਏ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਥਿਤੀ ਇੱਕ ਵਾਰ ਕਾਬੂ ਤੋਂ ਬਾਹਰ ਹੋ ਗਈ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਪੂਰੇ ਇਲਾਕੇ ਵਿੱਚ ਧੂੰਆਂ ਫੈਲ ਗਿਆ। ਖ਼ਬਰ ਲਿਖੇ ਜਾਣ ਤੱਕ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੀਆਂ ਹੋਈਆਂ ਸਨ। ਅੰਮ੍ਰਿਤਸਰ ਦੇ ਨਾਗਕਲਾਂ ਇਲਾਕੇ ਵਿੱਚ ਦਵਾਈਆਂ ਦੀਆਂ ਕਈ ਫੈਕਟਰੀਆਂ ਹਨ।
ਫੈਕਟਰੀ ‘ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੰਮ੍ਰਿਤਸਰ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅੱਗ ਇੰਨੀ ਭਿਆਨਕ ਸੀ ਕਿ ਨਗਰ ਨਿਗਮ ਤੋਂ ਇਲਾਵਾ ਅੰਮ੍ਰਿਤਸਰ ਤੋਂ ਏਅਰਫੋਰਸ, ਖੰਨਾ ਪੇਪਰ ਮਿੱਲ ਅਤੇ ਮਜੀਠਾ ਨਗਰ ਕੌਂਸਲ ਦੇ ਫਾਇਰ ਟੈਂਡਰ ਨੂੰ ਵੀ ਤੁਰੰਤ ਮੌਕੇ ‘ਤੇ ਬੁਲਾਇਆ ਗਿਆ। ਰਾਤ 10.30 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨਾਲ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਸਨ। ਇਹ ਵਾਹਨ ਪਾਣੀ ਲਈ ਲਗਾਤਾਰ ਸ਼ਹਿਰ ਦੇ ਚੱਕਰ ਲਗਾਉਂਦੇ ਰਹੇ।