ਮਯੰਕ ਯਾਦਵ ਨੇ IPL 2024 ‘ਚ ਲਖਨਊ ਸੁਪਰ ਜਾਇੰਟਸ ਲਈ ਦੋ ਮੈਚ ਖੇਡੇ ਹਨ ਅਤੇ ਮਯੰਕ ਨੇ ਦੋਵਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ‘ਪਲੇਅਰ ਆਫ ਦ ਮੈਚ’ ਦਾ ਖਿਤਾਬ ਜਿੱਤਿਆ ਹੈ। 21 ਸਾਲ ਦੇ ਮਯੰਕ ਨੇ ਇਸ ਸੀਜ਼ਨ ‘ਚ ਹੀ ਨਹੀਂ ਸਗੋਂ ਆਪਣੇ ਆਈਪੀਐੱਲ ਕਰੀਅਰ ‘ਚ ਹੀ ਹੁਣ ਤੱਕ ਦੋ ਮੈਚ ਖੇਡੇ ਹਨ। ਦੋ ਮੈਚਾਂ ‘ਚ ਯਾਦਵ ਨੇ ਆਪਣੀਆਂ ਤੇਜ਼ ਗੇਂਦਾਂ ਨਾਲ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਹੁਣ ਇਸ ਤੇਜ਼ ਗੇਂਦਬਾਜ਼ ਨੂੰ ਭਾਰਤੀ ਟੀਮ ‘ਚ ਲਿਆਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਆਰਸੀਬੀ ਖ਼ਿਲਾਫ਼ ਖੇਡੇ ਗਏ ਦੂਜੇ ਮੈਚ ਵਿੱਚ ਮਯੰਕ ਨੇ 4 ਓਵਰਾਂ ਵਿੱਚ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ ਹਨ।
ਆਪਣੇ ਕਰੀਅਰ ਦੇ ਪਹਿਲੇ ਹੀ ਆਈਪੀਐਲ ਮੈਚ ਤੋਂ ਮਯੰਕ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੈ। ਆਰਸੀਬੀ ਦੇ ਖਿਲਾਫ ਮੈਚ ‘ਚ ਮਯੰਕ ਨੇ 156.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਕੇ ਟੂਰਨਾਮੈਂਟ ‘ਚ ਸਭ ਤੋਂ ਤੇਜ਼ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ ‘ਚ ਖੁਦ ਨੂੰ ਸ਼ਾਮਿਲ ਕੀਤਾ ਹੈ। ਪਰ ਮਯੰਕ ਲਈ IPL ਤੱਕ ਪਹੁੰਚਣਾ ਬਿਲਕੁਲ ਵੀ ਆਸਾਨ ਨਹੀਂ ਸੀ। ਮਯੰਕ ਨੇ ਕ੍ਰਿਕਟ ਲਈ ਸਕੂਲ ਛੱਡਣ ਦਾ ਵੱਡਾ ਜੋਖਮ ਲਿਆ ਸੀ। ਮਯੰਕ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ, “ਮੈਂ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਸਕੂਲ ਨਹੀਂ ਜਾ ਰਿਹਾ ਹਾਂ। ਪਰਿਵਾਰ ਵਾਲੇ ਟੈਨਸ਼ਨ ‘ਚ ਆ ਗਏ ਸੀ ਕਿਉਂਕਿ ਮੈਂ ਅਜੇ ਤੱਕ ਕਿਸੇ ਟੀਮ ਲਈ ਨਹੀਂ ਖੇਡਿਆ ਸੀ, ਮੈਂ ਸਿਰਫ ਟਰਾਇਲ ਦੇ ਰਿਹਾ ਸੀ ਅਤੇ ਜੇਕਰ ਮੈਂ ਸਕੂਲ ਛੱਡ ਦਿੱਤਾ ਤਾਂ ਕਿਵੇਂ ਚੱਲੇਗਾ?”
ਮਯੰਕ ਨੇ ਅੱਗੇ ਕਿਹਾ, “ਇਸ ਤੋਂ ਬਾਅਦ ਘਰ ਵਿੱਚ ਅਜਿਹਾ ਮਾਹੌਲ ਬਣ ਗਿਆ ਕਿ ਕਈ ਵਾਰ ਪਿਤਾ ਜੀ ਗੁੱਸੇ ਹੋ ਜਾਂਦੇ ਸਨ। ਥੋੜ੍ਹਾ ਤਣਾਅ ਵਾਲਾ ਮਾਹੌਲ ਸੀ। ਫਿਰ ਮੈਂ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਮੈਨੂੰ 6 ਮਹੀਨੇ ਦਾ ਸਮਾਂ ਦਿਓ, ਜੇਕਰ ਮੈਂ ਇਸ ਵਿੱਚ ਕੁਝ ਨਹੀਂ ਕਰਾਂਗਾ ਜਾਂ ਮੈਂ ਚੁਣਿਆ ਨਹੀਂ ਜਾਵਾਂਗਾ, ਫਿਰ ਮੈਂ ਉਹੀ ਕਰਾਂਗਾ ਜੋ ਤੁਸੀਂ ਕਹੋਗੇ।” ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਖੇਡੇ ਗਏ ਦੋ IPL ਮੈਚਾਂ ‘ਚ ਗੇਂਦਬਾਜ਼ੀ ਕਰਦੇ ਹੋਏ ਮਯੰਕ ਨੇ 6.83 ਦੀ ਸ਼ਾਨਦਾਰ ਔਸਤ ਨਾਲ 6 ਵਿਕਟਾਂ ਲਈਆਂ ਹਨ। ਇਸ ਸਮੇਂ ਦੌਰਾਨ, ਉਸਨੇ ਸਿਰਫ 5.12 ਦੀ economy ‘ਤੇ ਦੌੜਾਂ ਖਰਚੀਆਂ ਹਨ।