ਮਾਟਾਮਾਟਾ ਵਿੱਚ ਬੁੱਧਵਾਰ ਦੁਪਹਿਰ ਵੇਲੇ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਮਾਟਾਮਾਟਾ ਕਾਲਜ ਦੀ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਾਲਜ ਦੇ ਨੇੜੇ ਲਗਭਗ 3.15 ਵਜੇ ਵਾਪਰਿਆ। ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਐਂਬੂਲੈਂਸ, ਦੋ ਹੈਲੀਕਾਪਟਰ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਘਟਨਾ ਸਥਾਨ ‘ਤੇ ਪਹੁੰਚਿਆ ਸੀ। ਮਾਟਾਮਾਟਾ ਇੰਟਰਮੀਡੀਏਟ ਦੇ ਪ੍ਰਿੰਸੀਪਲ ਵੱਲੋਂ ਇੱਕ ਮਾਤਾ-ਪਿਤਾ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਕਿਹਾ ਗਿਆ ਹੈ ਕਿ ਟ੍ਰੇਨ ਦੀ ਲਪੇਟ ਵਿੱਚ ਆਉਣ ਵਾਲੀ ਕੁੜੀ ਕਾਲਜ ਦੀ ਵਿਦਿਆਰਥਣ ਸੀ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਲੜਕੀ ਦੀ ਮੌਤ ਸੱਟਾਂ ਕਾਰਨ ਹੋਈ ਹੈ। ਪੁਲਿਸ ਨੇ ਕਿਹਾ ਕਿ “ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੇ ਬਾਵਜੂਦ, ਨੌਜਵਾਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।” ਫਿਲਹਾਲ “ਪੁਲਿਸ ਕੋਰੋਨਰ ਵੱਲੋਂ ਪੁੱਛਗਿੱਛ ਜਾਰੀ ਰੱਖੇਗੀ।” ਵਰਕਸੇਫ ਨੂੰ ਵੀ ਸੂਚਿਤ ਕੀਤਾ ਗਿਆ ਸੀ।
