ਇਸਤਾਂਬੁਲ ਦੇ ਇੱਕ ਨਾਈਟ ਕਲੱਬ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ 29 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਅੱਗ ਕਿਸੇ ਸਾਜ਼ਿਸ਼ ਦੇ ਤਹਿਤ ਲਗਾਈ ਗਈ ਸੀ। ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸਥਾਨਕ ਮੀਡੀਆ ਮੁਤਾਬਿਕ ਤੁਰਕੀ ਦੇ ਇਸਤਾਂਬੁਲ ਵਿੱਚ ਇੱਕ ਨਾਈਟ ਕਲੱਬ ਵਿੱਚ ਦਿਨ ਵੇਲੇ ਅੱਗ ਲੱਗ ਗਈ। ਉਸ ਸਮੇਂ ਇੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹੁਣ ਤੱਕ ਘੱਟੋ-ਘੱਟ 29 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸਤਾਂਬੁਲ ਦੇ ਗਵਰਨਰ ਦਫਤਰ ਨੇ ਦੱਸਿਆ ਕਿ ਅੱਠ ਹੋਰ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਸੱਤ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।
ਭਿਆਨਕ ਅੱਗ ਨਾਲ ਸਬੰਧਿਤ ਕਈ ਵੀਡੀਓ ਵੀ ਸਾਹਮਣੇ ਆਏ ਹਨ। ਇਹ ਕਲੱਬ ਸ਼ਹਿਰ ਦੇ ਯੂਰਪੀ ਹਿੱਸੇ ਦੇ ਬੇਸਿਕਟਾਸ ਜ਼ਿਲ੍ਹੇ ਵਿੱਚ ਸਥਿਤ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿੱਚ ਮਰਨ ਵਾਲੇ ਸਾਰੇ ਮਜ਼ਦੂਰ ਉਸਾਰੀ ਦਾ ਕੰਮ ਕਰ ਰਹੇ ਸਨ। 16 ਮੰਜ਼ਿਲਾ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਨਾਈਟ ਕਲੱਬ ਸੀ। ਤੁਰਕੀ ਦੇ ਨਿਆਂ ਮੰਤਰੀ ਯਿਲਮਾਜ਼ ਤੁੰਕ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਹ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਪੰਜ ਲੋਕਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਵਿੱਚ ਨਾਈਟ ਕਲੱਬ ਪ੍ਰਬੰਧਨ ਦੇ ਤਿੰਨ ਵਿਅਕਤੀ ਅਤੇ ਉਸਾਰੀ ਨਾਲ ਜੁੜਿਆ ਇੱਕ ਵਿਅਕਤੀ ਵੀ ਸ਼ਾਮਿਲ ਹੈ। =