ਪਾਕਿਸਤਾਨ ਮੁਸਲਿਮ ਲੀਗ-ਐਨ (ਪੀਐਮਐਲ-ਐਨ) ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼ ਅਹਿਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼ਨੀਵਾਰ ਨੂੰ ਪਾਕਿਸਤਾਨ ਪਰਤ ਆਈ ਹੈ। ਕਰੀਬ ਚਾਰ ਮਹੀਨੇ ਪਹਿਲਾਂ ਉਹ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਲੰਡਨ ਗਈ ਸੀ। ਪਾਰਟੀ ਦੀ ਮੁੱਖ ਪ੍ਰਬੰਧਕ ਬਣਾਈ ਗਈ ਮਰੀਅਮ ਨਵਾਜ਼ (49) ਅਬੂ ਧਾਬੀ ਤੋਂ ਇੱਥੇ ਪਾਕਿਸਤਾਨ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਆਉਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, ਪਾਕਿਸਤਾਨ ਜ਼ਿੰਦਾਬਾਦ।
ਮਰੀਅਮ ਨਵਾਜ਼ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰੀ ਹੋਣ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿੱਚ ਪਾਕਿਸਤਾਨ ਤੋਂ ਲੰਡਨ ਚਲੀ ਗਈ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਪਿਤਾ ਨਵਾਜ਼ ਨੂੰ ਮਿਲਣ ਲਈ ਬੇਤਾਬ ਸੀ, ਜਿਨ੍ਹਾਂ ਨੂੰ ਉਹ 2019 ਤੋਂ ਨਹੀਂ ਮਿਲੀ ਸੀ। ਪਾਕਿਸਤਾਨ ਪਰਤਣ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਸੀਨੀਅਰ ਨੇਤਾ ਮਰੀਅਮ ਨਵਾਜ਼ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੀ ਸਾਰੀ ਊਰਜਾ ਪਾਰਟੀ ਨੂੰ ਮਜ਼ਬੂਤ ਕਰਨ ‘ਚ ਲਗਾ ਦੇਵੇਗੀ। ਇਸ ਤੋਂ ਪਹਿਲਾਂ ਪਾਰਟੀ ਬੁਲਾਰੇ ਮਰੀਅਮ ਔਰੰਗਜ਼ੇਬ ਨੇ ਕਿਹਾ ਸੀ ਕਿ ਮਰੀਅਮ ਪਾਰਟੀ ਸੰਗਠਨ ਨੂੰ ਨਵਾਂ ਰੂਪ ਦੇਣ ਲਈ ਵਾਪਸ ਆ ਰਹੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ, ਮਰੀਅਮ ਨਵਾਜ਼ ਨੂੰ ਪੀਐਮਐਲ-ਐਨ ਦੀ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੇ ਸਿਆਸੀ ਘਟਨਾਕ੍ਰਮ ਵਿੱਚ ਉਸ ਦੀ ਭੂਮਿਕਾ ਹੋਰ ਅਹਿਮ ਹੋਣ ਦੀ ਸੰਭਾਵਨਾ ਹੈ। ਪੀਐਮਐਲ-ਐਨ ਦੇ ਸੁਪਰੀਮੋ ਨਵਾਜ਼ ਸ਼ਰੀਫ਼ ਨੇ ਮਰੀਅਮ ਨਵਾਜ਼ ਅਤੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੂੰ ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਰੈਲੀਆਂ ਅਤੇ ਮੀਟਿੰਗਾਂ ਕਰਨ ਦਾ ਅਧਿਕਾਰ ਦਿੱਤਾ ਹੈ।