ਜਿਵੇਂ-ਜਿਵੇਂ ਨਿਊਜ਼ੀਲੈਂਡ ‘ਚ ਚੋਣਾਂ ਨਜ਼ਦੀਕ ਆ ਰਹੀਆਂ ਨੇ ਓਦਾਂ ਓਦਾਂ ਲੀਡਰਾਂ ਦੇ ਵੱਲੋਂ ਲੋਕਾਂ ਦੇ ਨਾਲ ਵੀ ਨੇੜਤਾ ਵਧਾਈ ਜਾ ਰਹੀ ਹੈ ਅਤੇ ਆਪਣੀ ਆਪਣੀ ਪਾਰਟੀ ਦੇ ਏਜੰਡਿਆਂ ਬਾਰੇ ਦੱਸਿਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਮੰਤਰੀ ਅਤੇ ਗਰੀਨ ਪਾਰਟੀ ਦੇ ਡਿਪਟੀ ਲੀਡਰ ਮਰਾਮਾ ਡੇਵਿਡਸਨ ਵੀ ਐਤਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਐਮਪੀ ਰਿਕਾਰਡੋ ਮੇਨੇਡੇਜ਼ ਮਾਰਚ ਉਮੀਦਵਾਰ ਸਟੀਵ ਏਬਲ ਅਤੇ ਉਮੀਦਵਾਰ ਈਫੇਸੋ ਕੋਲਿਨਸ ਵੀ ਗੁਰੂਘਰ ਵਿਖੇ ਨਤਮਸਤਕ ਹੋਏ ਹਨ। ਉੱਥੇ ਹੀ ਇਸ ਮੌਕੇ SSSNZ ਦੇ ਵੱਲੋਂ ਮੰਤਰੀ ਅਤੇ ਉਨ੍ਹਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੇ ਆਖਿਆ ਕਿ ਗ੍ਰੀਨ ਪਾਰਟੀ SSSNZ ਨਾਲ ਨੇੜਿਓਂ ਕੰਮ ਕਰ ਰਹੀ ਹੈ ਅਤੇ ਸਾਡੇ ਸਥਾਨਕ ਵਹਾਨਊ ਦਾ ਸਮਰਥਨ ਕਰਨ ਲਈ ਹਮੇਸ਼ਾ ਤਿਆਰ ਹੈ।
ਉੱਥੇ ਹੀ ਮੰਤਰੀ ਅਤੇ ਗਰੀਨ ਪਾਰਟੀ ਦੇ ਡਿਪਟੀ ਲੀਡਰ ਮਰਾਮਾ ਡੇਵਿਡਸਨ ਦੇ ਵੱਲੋਂ ਗੁਰੁਘਰ ਪਹੁੰਚੀਆਂ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਗਿਆ। ਇਸ ਮਗਰੋਂ ਪ੍ਰਬੰਧਕਾਂ ਦੇ ਵੱਲੋਂ ਸਾਰੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਬੰਧੀ ਐਮਪੀ ਰਿਕਾਰਡੋ ਮੇਨੇਡੇਜ਼ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੇ ਪ੍ਰਬੰਧਕਾਂ ਅਤੇ ਸੁਪਰੀਮ ਸਿੱਖ ਸੁਸਾਇਟੀ ਦੀ ਟੀਮ ਦਾ ਧੰਨਵਾਦ ਕੀਤਾ। ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਮਸਲਿਆਂ ਬਾਰੇ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਅਤੇ ਕਈ ਮਾਮਲਿਆਂ ਬਾਰੇ ਚਿੰਤਾ ਜਤਾਈ। ਉੱਥੇ ਹੀ ਉਨ੍ਹਾਂ ਨੇ ਆਪਣੇ ਇਸ ਕਾਰਜਕਾਲ ‘ਚ ਬੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਅਤੇ ਅੱਗੇ ਵਧਾਉਣ ਦੀ ਗੱਲ ਆਖੀ।