ਕੇਰਲ ਦੇ ਮਲੱਪਪੁਰਮ ‘ਚ ਐਰੀਕੋਡ ਨੇੜੇ ਥੇਰੇਟਮਲ ‘ਚ ਸੇਵਨ ਫੁੱਟਬਾਲ ਮੈਚ ਦੇ ਫਾਈਨਲ ਤੋਂ ਪਹਿਲਾਂ ਵੱਡਾ ਹਾਦਸਾ ਵਾਪਰ ਗਿਆ ਹੈ। ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਚੱਲੀ ਆਤਿਸ਼ਬਾਜ਼ੀ ਕਾਰਨ ਕਈ ਦਰਸ਼ਕ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਕਾਰਨ ਘੱਟੋ-ਘੱਟ 25 ਲੋਕ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਫੁੱਟਬਾਲ ਮੈਦਾਨ ‘ਤੇ ਉਸ ਸਮੇਂ ਵਾਪਰਿਆ ਜਦੋਂ ਯੂਨਾਈਟਿਡ ਐਫਸੀ ਨੇਲੀਕੂਟ ਅਤੇ ਕੇਐਮਜੀਮਾਵੂਰ ਵਿਚਾਲੇ ਮੈਚ ਖੇਡਿਆ ਜਾਣਾ ਸੀ। ਮੈਚ ਤੋਂ ਪਹਿਲਾਂ ਆਤਿਸ਼ਬਾਜ਼ੀ ਕੀਤੀ ਗਈ। ਉੱਪਰ ਵੱਲ ਛੱਡਿਆ ਪਟਾਕਾ ਗਲਤ ਦਿਸ਼ਾ ਵਿੱਚ ਡਿੱਗ ਗਿਆ। ਇਸ ਕਾਰਨ ਦਰਸ਼ਕਾਂ ਵਿੱਚ ਚੰਗਿਆੜੀਆਂ ਉੱਠਣ ਲੱਗ ਪਈਆਂ। ਮੈਦਾਨ ਦੇ ਨੇੜੇ ਮੌਜੂਦ ਜ਼ਿਆਦਾਤਰ ਲੋਕਾਂ ਨੂੰ ਸੱਟ ਲੱਗੀ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।
