ਪਿਛਲੇ ਐਤਵਾਰ ਵਾਲੇ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਜ਼ਿਲੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸਤੋਂ ਬਾਅਦ ਜਿੱਥੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠੇ ਸਨ ਉਥੇ ਹੀ ਭਗਵੰਤ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ ਕਿਉਂਕਿ ਪਿਛਲੇ ਦਿਨੀਂ ਹੀ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਵਿੱਚ ਕਟੌਤੀ ਕੀਤੀ ਗਈ ਸੀ। ਪਰ ਹੁਣ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਤੇਜ਼ੀ ਦਿਖਾਉਂਦੇ ਹੋਏ ਮਾਨਸਾ ਪੁਲੀਸ ਇੱਕ ਨੌਜਵਾਨ ਮਨਪ੍ਰੀਤ ਸਿੰਘ ਉਰਫ ਭਾਊ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਬਠਿੰਡਾ ਜੇਲ੍ਹ ਵਿੱਚ ਬੰਦ ਸਾਰਜ ਮਿੰਟੂ ਨਾਂ ਦੇ ਗੈਂਗਸਟਰ ਅਤੇ ਕੁਲਵੀਰ ਨਰੂਆਣਾ ਕਤਲ ਮਾਮਲੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਵਿਚ ਬੰਦ ਮਨਪ੍ਰੀਤ ਸਿੰਘ ਮੰਨਾ ਨੂੰ ਮਾਨਸਾ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ।
ਮਾਨਸਾ ਦੇ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਈ.ਜੀ. ਸਾਹਿਬ ਵੱਲੋਂ ਬਣਾਈ ਗਈ ਐਸ.ਆਈ.ਟੀ. ਵੱਲੋਂ ਮਾਮਲੇ ਦੀ ਜਾਂਚ ਨੂੰ ਤੇਜੀ ਦੇ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ cctv ਫੁਟੇਜ ਚੈਕ ਕੀਤੀ ਜਾ ਰਹੀ ਹੈ, ਉਥੇ ਹੀ ਘਟਨਾ ਦਾ ਪੂਰਾ ਰੂਟ ਟਰੇਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਇੱਕ ਸੰਯੁਕਤ ਟੀਮ ਬਣਾਈ ਗਈ ਹੈ, ਜੋ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸੋਚੀ ਸਮੱਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਕਤਲ ਹੈ ਅਤੇ ਇਸ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦੇ 2 ਮੈਬਰਾਂ ਨੂੰ 6 ਦਿਨ ਦੇ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਹੈ ਅਤੇ ਇੱਕ ਹੋਰ ਦੋਸ਼ੀ ਨੂੰ ਮਾਨਸਾ ਪੁਲਿਸ ਵੱਲੋ ਗ੍ਰਿਫਤਾਰ ਕਰਕੇ ਉਸਦਾ 6 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿਛ ਲਗਾਤਾਰ ਜਾਰੀ ਹੈ।
ਉਨ੍ਹਾਂ ਉਮੀਦ ਜਤਾਈ ਕਿ ਇਨਾ ਲੋਕਾਂ ਤੋਂ ਕੋਈ ਨਾ ਕੋਈ ਜਾਣਕਾਰੀ ਜਰੂਰ ਮਿਲੇਗੀ, ਜਿਸ ਨਾਲ ਅਸੀ ਅਸਲ ਦੋਸ਼ੀਆਂ ਤੱਕ ਪਹੁੰਚ ਪਾਵਾਂਗੇ। ਉੱਥੇ ਹੀ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਉਣ ਉੱਤੇ ਬੋਲਦੇ ਹੋਏ ਐਸ.ਐਸ.ਪੀ. ਮਾਨਸਾ ਨੇ ਕਿਹਾ ਕਿ ਹਾਲੇ ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਉਸ ਨੂੰ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ ਨਾਲ ਸਬੰਧਿਤ ਹੋਵੇਗਾ, ਉਸਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਮਾਨਸਾ ਪੁਲਿਸ ਲੈ ਕੇ ਆਵੇਗੀ।