ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੁਣ ਵਿਜੀਲੈਂਸ ਵਿਭਾਗ ਦੀ ਰਾਡਾਰ ‘ਤੇ ਆ ਗਏ ਹਨ। ਵਿਜੀਲੈਂਸ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ‘ਚ ਸ਼ਾਮਿਲ ਹੋਏ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਨੇ ਇਹ ਕਾਰਵਾਈ ਸਾਬਕਾ ਭਾਜਪਾ ਵਿਧਾਇਕ ਦੀ ਸ਼ਿਕਾਇਤ ‘ਤੇ ਕੀਤੀ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਖਿਲਾਫ ਸ਼ਿਕਾਇਤ ਦਿੱਤੀ ਸੀ। ਇਹ ਮਾਮਲਾ ਬਠਿੰਡਾ ਦੀ ਜਾਇਦਾਦ ਨਾਲ ਸਬੰਧਤ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਸੋਮਵਾਰ ਨੂੰ ਪੂਰੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ‘ਤੇ ਪੁੱਡਾ ਦੀ ਜਾਇਦਾਦ ਘੱਟ ਰੇਟ ‘ਤੇ ਵੇਚਣ ਦਾ ਦੋਸ਼ ਸੀ। ਇਹ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ, ਜਿਸ ਵਿੱਚ ਸਿੰਗਲਾ ਦੁਆਰ ਮਨਪ੍ਰੀਤ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸਿੰਗਲਾ ਨੇ ਕਿਹਾ ਸੀ ਕਿ ਜੇਕਰ ਵਿਜੀਲੈਂਸ ਵਿਭਾਗ ਉਨ੍ਹਾਂ ਨੂੰ ਬੁਲਾਵੇਗਾ ਤਾਂ ਉਹ ਪੂਰੇ ਤੱਥਾਂ ਸਮੇਤ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟੈਂਡਰ ਘੁਟਾਲੇ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ ਹੈ। ਇੰਨਾ ਗਬਨ ਕਰਨ ਵਾਲੇ ਲੀਡਰਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸਰੂਪ ਸਿੰਗਲਾ ਨੇ ਕਿਹਾ ਸੀ ਕਿ ਜੇਕਰ ਵਿਜੀਲੈਂਸ ਵਿਭਾਗ ਨੇ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਅਦਾਲਤ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।