ਮਨਜਿੰਦਰ ਸਿਰਸਾ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਛੱਡ ਭਾਜਪਾ ਵਿੱਚ ਸ਼ਾਮਿਲ ਹੋਣ ਮਗਰੋਂ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਮਨਜਿੰਦਰ ਸਿਰਸਾ ਦੇ ਸਿਰ ’ਤੇ ਬੰਦੂਕ ਰੱਖ ਕੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋ ਦਿਨ ਪਹਿਲਾ ਸਿਰਸਾ ਨੇ ਵਟਸਐਪ ਕਰਕੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਜਾਂ ਤਾਂ ਜੇਲ੍ਹ ਜਾਣ ਨੂੰ ਤਿਆਰ ਹੋ ਜਾਉ ਜਾਂ ਫਿਰ ਅਕਾਲੀ ਦਲ ਛੱਡ ਦਿਉ।
ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ’ਤੇ ਕੀਤੇ ਤਿੱਖੇ ਹਮਲੇ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਸਿਰਸਾ ਦੇ ਸਾਰੇ ਪਰਿਵਾਰ ਵਿਰੁੱਧ ਕੇਸ ਦਰਜ ਕਰਨ ਤੇ ਕਾਰੋਬਾਰ ’ਤੇ ਸਿੰਕਜ਼ਾ ਕੱਸਣ ਦੀ ਧਮਕੀ ਦਿੱਤੀ ਸੀ। ਸੁਖਬੀਰ ਨੇ ਕਿਹਾ ਹੈ ਕਿ ਭਾਜਪਾ ਅਕਾਲੀ ਦਲ ਨੂੰ ਡਰਾਉਣ ਧਮਕਾਉਣ ਵਿਚ ਲੱਗੀ ਹੋਈ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਅਸੂਲਾਂ ਦੇ ਸਿਰ ‘ਤੇ ਭਾਜਪਾ ਦਾ ਸਾਥ ਛੱਡਿਆ ਸੀ।ਕਿਸਾਨੀ ਅੰਦੋਲਨ ਲਈ ਅਕਾਲੀ ਦਲ ਨੇ ਗੱਠਜੋੜ ਤੋੜਿਆ ਸੀ, ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਣ ਦੀ ਕੋਸ਼ਿਸ਼ ਕੀਤੀ।