ਸ਼ੁੱਕਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਤਕਨੀਕੀ ਅਤੇ ਕਾਨੂੰਨੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਮਨਜਿੰਦਰ ਸਿਰਸਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੇਰੇ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਸੀ।
ਦੱਸ ਦੇਈਏ ਕਿ 1 ਦਸੰਬਰ ਨੂੰ ਮਨਜਿੰਦਰ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ੁੱਕਰਵਾਰ ਨੂੰ ਫਿਰ ਮਨਜਿੰਦਰ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਸਿਰਸਾ ਦਾ ਕਹਿਣਾ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ ਦੇ ਮਸਲੇ ਹੱਲ ਨਹੀਂ ਹੋ ਪਾ ਰਹੇ ਤੇ ਸਕੂਲਾਂ ਅਤੇ ਕਾਲਜਾਂ ਦੇ ਮਸਲੇ ਹੱਲ ਨਹੀਂ ਹੋ ਰਹੇ । 29 ਦਿਨ ਪ੍ਰਬੰਧ ਨਾ ਚੱਲ ਪਾਉਣ ਕਾਰਨ ਮੈਂ ਆਪਣਾ ਅਸਤੀਫਾ ਵਾਪਸ ਲੈਂਦਾ ਹਾਂ । ਇਸ ਦੌਰਾਨ ਸਿਰਸਾ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਜਿਥੇ ਮੇਰੀ ਜ਼ਰੂਰਤ ਹੋਵੇਗੀ ਮੈਂ ਹਰ ਵੇਲੇ ਹਾਜ਼ਰ ਹਾਂ ।
ਮਨਜਿੰਦਰ ਸਿਰਸਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮੇਰਾ ਦਿੱਲੀ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਾਂ ਨਾਲ ਨਾ ਕੋਈ ਵਾਸਤਾ ਹੈ ਤੇ ਨਾ ਭਵਿੱਖ ਵਿੱਚ ਕੋਈ ਵਾਸਤਾ ਹੋਵੇਗਾ। ਇਹ ਪ੍ਰਬੰਧ ਸੁਚਾਰੂ ਰੂਪ ਤੱਕ ਅਗਲੇ 20 ਜਨਵਰੀ ਤਕ ਚੱਲਣ ਇਸ ਲਈ ਸਾਰੇ ਮੈਂਬਰਾਂ ਨੇ ਅੱਜ ਮੀਟਿੰਗ ਕੀਤੀ ਸੀ । ਸਭ ਨੇ ਇਹ ਸੁਝਾਅ ਦਿੱਤਾ ਹੈ ਕਿ ਜਦੋਂ ਤਕ ਨਵਾਂ ਪ੍ਰੰਬਧ ਨਹੀਂ ਬਣਦਾ ਉਦੋਂ ਤੱਕ ਮੈਂ ਪ੍ਰਧਾਨ ਦਾ ਕਾਰਜ ਸੰਭਾਲਾਂਗਾ।
ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਉਹ ਕੇਂਦਰੀ ਮੰਤਰੀਆਂ ਧਰਮਿੰਦਰ ਪ੍ਰਧਾਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸੀ।