ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਨੀਸ਼ਾ ਗੁਲਾਟੀ ਦਾ ਕਾਰਜਕਾਲ ਪੰਜਾਬ ਸਰਕਾਰ ਨੇ 18 ਸਤੰਬਰ 2020 ਨੂੰ ਵਧਾ ਦਿੱਤਾ ਸੀ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਦੇ ਕਾਰਜਕਾਲ ਦੀ ਮਿਆਦ ਵਧਾਉਣ ਲਈ ਸਰਕਾਰੀ ਨਿਯਮਾਂ ਵਿੱਚ ਅਜਿਹਾ ਕੋਈ ਨਿਯਮ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਚੇਅਰਪਰਸਨ ਬਣਾਉਣ ਦਾ ਹੁਕਮ ਵਾਪਿਸ ਲੈ ਲਿਆ ਗਿਆ ਹੈ।
ਦੱਸ ਦੇਈਏ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਇਸ ਤੋਂ ਪਹਿਲਾਂ ਕਾਂਗਰਸ ਵਿੱਚ ਸਨ ਕੁੱਝ ਸਮਾਂ ਪਹਿਲਾ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਕਾਂਗਰਸ ਛੱਡਦੇ ਹੀ ਉਨ੍ਹਾਂ ਨੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਵਿੱਚ ਰਹਿੰਦਿਆਂ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ। ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਨਿੱਜੀ ਦੁਸ਼ਮਣੀ ਕੱਢੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਖਾਸਮਖਾਸ ਮਨੀਸ਼ਾ ਗੁਲਾਟੀ CM ਚਰਨਜੀਤ ਸਿੰਘ ਚੰਨੀ ਦੇ MeToo ਮੁੱਦੇ ਨੂੰ ਚੁੱਕਣ ਮਗਰੋਂ ਸੁਰਖੀਆਂ ਵਿੱਚ ਆਏ ਸਨ। ਮਨੀਸ਼ਾ ਗੁਲਾਟੀ ਅਕਸਰ ਔਰਤਾਂ ਦੇ ਹੱਕ ਵਿੱਚ ਫੈਸਲੇ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਮਨੀਸ਼ਾ ਗੁਲਾਟੀ ਨੇ ਔਰਤਾਂ ਦੀਆਂ ਸਮੱਸਿਆਵਾਂ ਤੋਂ ਇਲਾਵਾ ਵਿਦੇਸ਼ ਭੱਜ ਚੁੱਕੀਆਂ ਕੁੜੀਆਂ ਦੇ ਪਤੀਆਂ ਦੀ ਵੀ ਆਵਾਜ਼ ਚੁੱਕੀ ਸੀ। ਮਨੀਸ਼ਾ ਗੁਲਾਟੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਮੰਨੀ ਜਾਂਦੀ ਹੈ।