ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਿਆ ਨੂੰ ਲੈ ਕੇ ਸਿਆਸੀ ਜੰਗ ਛਿੜ ਗਈ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਿੱਖਿਆ ਮਾਡਲ ਨੂੰ ਪੰਜਾਬ ‘ਚ ਲਾਗੂ ਕਰਨਾ ਚਾਹੁੰਦੇ ਹਨ। ਜਿਸ ਲਈ ਉਨ੍ਹਾਂ ਅੰਮ੍ਰਿਤਸਰ ਵਿੱਚ ਅਧਿਆਪਕਾਂ ਨੂੰ 8 ਗਾਰੰਟੀਆਂ ਵੀ ਦਿੱਤੀਆਂ। ਇਸ ਨੂੰ ਲੈ ਕੇ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਸਕੂਲੀ ਸਿੱਖਿਆ ਵਿੱਚ ਪੰਜਾਬ ਪਹਿਲੇ ਅਤੇ ਦਿੱਲੀ ਛੇਵੇਂ ਨੰਬਰ ’ਤੇ ਹੈ। ਕੇਜਰੀਵਾਲ ਪੰਜਾਬ ਦੀ ਚਿੰਤਾ ਨਾ ਕਰੋ। ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ਕ੍ਰਾਂਤੀ ਆ ਰਹੀ ਹੈ।
ਪਰ ਹੁਣ ਪਰਗਟ ਸਿੰਘ ਦੇ ਬਿਆਨ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਜ਼ਰਜ਼ਰ ਸਿੱਖਿਆ ਵਿਵਸਥਾ ਦੇ ਮੁੱਦੇ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ। ਪਰਗਟ ਸਿੰਘ ਨੂੰ ਚੁਣੌਤੀ ਦਿੰਦੇ ਹੋਏ ਸਿਸੋਦੀਆ ਨੇ ਕਿਹਾ, ”ਸਾਡੇ ਦਿੱਲੀ ਵਿੱਚ ਸਿੱਖਿਆ ਦੇ ਖੇਤਰ ‘ਚ ਕੀਤੇ ਕੰਮਾਂ ਅਤੇ ਪੰਜਾਬ ‘ਚ ਪਿਛਲੇ 5 ਸਾਲਾਂ ਵਿੱਚ ਸਰਕਾਰੀ ਸਕੂਲਾਂ ਅਤੇ ਸਿੱਖਿਆ ਵਿਵਸਥਾ ਲਈ ਕੀਤੇ ਕਾਰਜਾਂ ਦੀ ਤੁਲਨਾ ਹੋਣੀ ਚਾਹੀਦੀ ਹੈ। ਪਰਗਟ ਸਿੰਘ ਪੰਜਾਬ ਦੇ 10 ਬਿਹਤਰੀਨ ਸਰਕਾਰੀ ਸਕੂਲ ਦਿਖਾਉਣ ਅਤੇ ਮੈਂ 10 ਸਰਕਾਰੀ ਸਕੂਲ ਦਿੱਲੀ ਦੇ ਦਿਖਾਉਂਦਾ ਹਾਂ। ਮੈਂ ਖੁੱਲੀ ਬਹਿਸ ਲਈ ਤਿਆਰ ਹਾਂ। ਪਰਗਟ ਸਿੰਘ ਇਸ ਚੁਣੌਤੀ ਨੂੰ ਕਬੂਲਣ ਦਾ ਹੌਸਲਾ ਦਿਖਾਉਣ। ਫ਼ੈਸਲਾ ਜਨਤਾ ਉਤੇ ਛੱਡ ਦਿੱਤਾ ਜਾਵੇ।”