ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਏਸ਼ਿਆਈ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਉਸ ਦਾ ਸਾਹਮਣਾ ਕਾਂਸੀ ਦੇ ਤਗਮੇ ਲਈ ਜਾਪਾਨ ਦੀ ਹੀਨਾ ਹਯਾਤ ਨਾਲ ਹੋਇਆ, ਜਿੱਥੇ ਭਾਰਤੀ ਖਿਡਾਰਨ ਨੇ ਜਿੱਤ ਦਰਜ ਕੀਤੀ। ਮਨਿਕਾ ਬੱਤਰਾ ਨੇ ਮੈਡਲ ਮੈਚ ਵਿੱਚ ਹਿਨਾ ਹਯਾਤਾ ਨੂੰ 4-2 ਨਾਲ ਹਰਾਇਆ ਹੈ। ਮਨਿਕਾ ਨੇ ਇਹ ਮੈਚ 11-6,6-11,11-7,12-10,4-11, 11-2 ਨਾਲ ਜਿੱਤਿਆ ਅਤੇ ਭਾਰਤ ਲਈ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ। ਰਾਸ਼ਟਰਮੰਡਲ ਖੇਡਾਂ ਦੀ ਨਿਰਾਸ਼ਾ ਤੋਂ ਬਾਅਦ ਮਨਿਕਾ ਦੀ ਇਹ ਸਭ ਤੋਂ ਵੱਡੀ ਜਿੱਤ ਹੈ।
ਗੈਰ ਦਰਜਾ ਪ੍ਰਾਪਤ ਮਨਿਕਾ ਇਸ ਮਹਾਂਦੀਪੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੂੰ ਸੈਮੀਫਾਈਨਲ ‘ਚ ਵਿਸ਼ਵ ਦੀ ਪੰਜਵੇਂ ਨੰਬਰ ਦੀ ਟੇਬਲ ਟੈਨਿਸ ਖਿਡਾਰਨ ਤੋਂ 8-11, 11-7, 7-11, 6-11, 11-8, 7-11 (2-4) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਉਸ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ ਸੀ। ਵਿਸ਼ਵ ਵਿੱਚ 44ਵੀਂ ਰੈਂਕਿੰਗ ਵਾਲੀ ਮਨਿਕਾ ਨੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ ਆਪਣੀ ਬਿਹਤਰ ਰੈਂਕਿੰਗ ਦੀ ਚੇਨ ਸੂ ਯੂ ਨੂੰ 4-3 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਇਸ ਚੋਟੀ ਦੀ ਭਾਰਤੀ ਖਿਡਾਰਨ ਨੇ ਇਸ ਤੋਂ ਪਹਿਲਾਂ ਚੀਨ ਦੇ ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਏਸ਼ਿਆਈ ਕੱਪ ਦੇ 39 ਸਾਲਾਂ ਦੇ ਇਤਿਹਾਸ ਵਿੱਚ ਮਨਿਕਾ ਨੇ ਭਾਰਤੀਆਂ ਵਿੱਚ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਪੱਕਾ ਕਰ ਲਿਆ ਹੈ।