ਆਕਲੈਂਡ ਟਰਾਂਸਪੋਰਟ ਦੀ ਇੱਕ ਬੱਸ ਨਾਲ ਇੱਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਚਾਰ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਆਕਲੈਂਡ ਟਰਾਂਸਪੋਰਟ ਦੀ ਬੱਸ ਸ਼ੁੱਕਰਵਾਰ ਦੁਪਹਿਰ ਵੇਲੇ ਦੱਖਣੀ ਆਕਲੈਂਡ ਦੇ ਮਾਂਗੇਰੇ ਈਸਟ ਵਿੱਚ ਇੱਕ ਘਰ ‘ਚ ਜਾ ਵੜੀ ਸੀ। ਮੌਕੇ ਦੀ ਇੱਕ ਵੀਡੀਓ ਵਿੱਚ ਇੱਕ ਘਰ ਦੀ ਵਾੜ ਪੂਰੀ ਤਰ੍ਹਾਂ ਟੁੱਟੀ ਹੋਈ ਦਿਖਾਈ ਦੇ ਰਹੀ ਹੈ ਅਤੇ ਤਸਵੀਰਾਂ ‘ਚ ਬੱਸ ਦਿਖਾਈ ਦੇ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਦੁਪਹਿਰ 3.30 ਵਜੇ ਤੋਂ ਬਾਅਦ ਰਾਈ ਕੋਰਟ ਵਿੱਚ ਹਾਦਸੇ ਦੀ ਰਿਪੋਰਟ ਮਿਲੀ। ਪੁਲਿਸ ਨੇ ਕਿਹਾ, “ਬਸ ਵਿੱਚ ਡਰਾਈਵਰ ਸਮੇਤ ਚਾਰ ਲੋਕ ਸਵਾਰ ਸਨ, ਅਤੇ ਕੋਈ ਜ਼ਖਮੀ ਨਹੀਂ ਹੋਇਆ।”
ਆਕਲੈਂਡ ਟਰਾਂਸਪੋਰਟ ਦੇ ਬੁਲਾਰੇ ਨੇ ਕਿਹਾ ਕਿ ਬੱਸ ਵਿੱਚ ਸਵਾਰ ਤਿੰਨ ਯਾਤਰੀ ਸਕੂਲੀ ਬੱਚੇ ਸਨ ਅਤੇ ਸ਼ੁਕਰ ਹੈ ਕਿ ਉਹ ਜ਼ਖਮੀ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਬੱਸ ਡਰਾਈਵਰ ਦੁਆਰਾ ਚੌਕ ‘ਤੇ “ਡਰਾਈਵਰ ਦੀ ਗਲਤੀ” ਦਾ ਨਤੀਜਾ ਸੀ। ਉਨ੍ਹਾਂ ਨੇ ਕਿਹਾ, “ਅਸੀਂ ਬੱਸ ਕੰਪਨੀ ਨਾਲ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੇ ਕਿ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਜੇਕਰ ਡਰਾਈਵਰ ਵਿਰੁੱਧ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਸੀਂ ਉਨ੍ਹਾਂ ਦੇ ਫੈਸਲੇ ਦਾ ਪੂਰਾ ਸਮਰਥਨ ਕਰਾਂਗੇ।”