ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਮਰੀਕਾ ਵਿੱਚ ਰਹਿੰਦੀ ਇੱਕ ਪੰਜਾਬਣ ਕੁੜੀ ਆਪਣੇ ਪਤੀ ਅਤੇ ਸਹੁਰੇ ਪਰਿਵਾਰ ‘ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾ ਰਹੀ ਹੈ, ਇੰਨ੍ਹਾਂ ਹੀ ਨਹੀਂ ਉਸ ਕੁੜੀ ਨੇ ਵੀਡੀਓ ਸਾਂਝੀ ਕਰਨ ਮਗਰੋਂ ਆਤਮਹੱਤਿਆ ਵੀ ਕਰ ਲਈ ਹੈ, ਦੱਸ ਦੇਈਏ ਕਿ ਨਿਊਯਾਰਕ ਦੀ ਰਹਿਣ ਵਾਲੀ 30 ਸਾਲਾ ਭਾਰਤੀ ਮੂਲ ਦੀ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਘਰੇਲੂ ਸ਼ੋਸ਼ਣ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ। ਮਨਦੀਪ ਕੌਰ ਦੇ 2 ਧੀਆਂ ਵੀ ਨੇ ਜਿਨ੍ਹਾਂ ਦੀ ਉਮਰ ਚਾਰ ਅਤੇ ਛੇ ਸਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਕਸਟਡੀ ਇਸ ਵੇਲੇ ਮਨਦੀਪ ਦੇ ਪਤੀ ਕੋਲ ਹੈ। ਦੱਸ ਦੇਈਏ ਕਿ ਮਨਦੀਪ ਦਾ ਪਤੀ ਅਤੇ ਦੋਵੇਂ ਧੀਆਂ ਇਸ ਸਮੇਂ ਰਿਚਮੰਡ ਹਿੱਲ, ਨਿਊਯਾਰਕ ਵਿੱਚ ਹਨ, ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਦੱਸਿਆ ਜਾਂ ਰਿਹਾ ਹੈ।
ਜਾਣਕਾਰੀ ਅਨੁਸਾਰ ਮਨਦੀਪ ਦੇ ਪਿਤਾ ਦਾ ਨਾਮ ਜਸਪਾਲ ਸਿੰਘ ਉਰਫ਼ ਬਾਬੂ ਹੈ ਜੋ ਕਿ ਤਾਹਰਪੁਰ ਪਿੰਡ ‘ਚ ਰਹਿੰਦੇ ਨੇ। ਮਨਦੀਪ ਨੇ ਨਿਊਯਾਰਕ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ। ਧੀ ਦੀ ਮੌਤ ਕਾਰਨ ਪਰਿਵਾਰਾਂ ਦਾ ਬੁਰਾ ਹਾਲ ਹੈ, ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨਦੀਪ ਕੌਰ ਪੁੱਤਰੀ ਜਸਪਾਲ ਸਿੰਘ ਉਰਫ ਬਾਬੂ ਵਾਸੀ ਪਿੰਡ ਤਾਹਰਪੁਰ, ਨਜੀਬਾਬਾਦ ਦਾ ਵਿਆਹ 2015 ਵਿੱਚ ਨੇੜਲੇ ਪਿੰਡ ਬਦੀਆ ਦੇ ਵਾਸੀ ਰਣਜੋਧਵੀਰ ਸਿੰਘ ਉਰਫ ਜੋਧਾ ਪੁੱਤਰ ਮੁਖਤਿਆਰ ਸਿੰਘ ਨਾਲ ਹੋਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਰਣਜੋਧ ਨੇ ਆਪਣੀ ਪਤਨੀ ਮਨਦੀਪ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਜ਼ੁਲਮ ਦਾ ਇਹ ਰਵੱਈਆ ਲਗਾਤਾਰ ਵਧਦਾ ਰਿਹਾ। ਉਸ ਨੇ ਦੱਸਿਆ ਕਿ ਪੋਤੀ ਦੇ ਜਨਮ ਤੋਂ ਬਾਅਦ ਰਣਜੋਧ ਅਤੇ ਮਨਦੀਪ ਨਵਜੰਮੀ ਬੇਟੀ ਨੂੰ ਲੈ ਕੇ ਟੂਰਿਸਟ ਵੀਜ਼ੇ ‘ਤੇ ਨਿਊਯਾਰਕ ਗਏ ਸਨ। ਉਥੇ ਰਣਜੋਧ ਨੇ ਪਹਿਲਾਂ ਟੈਕਸੀ ਚਲਾਈ ਅਤੇ ਫਿਰ ਟਰੱਕ ਖਰੀਦ ਕੇ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ ਦੂਜੀ ਬੇਟੀ ਵੀ ਪੈਦਾ ਹੋਈ। ਇਸ ਤੋਂ ਬਾਅਦ ਵੀ ਰਣਜੋਧ ਦਾ ਮਨਦੀਪ ਪ੍ਰਤੀ ਰਵੱਈਆ ਨਹੀਂ ਬਦਲਿਆ ਅਤੇ ਉਹ ਹਰ ਰੋਜ਼ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ। ਆਖ਼ਰਕਾਰ ਆਪਣੇ ਪਤੀ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਮਨਦੀਪ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਨਦੀਪ ਨੇ ਖੁਦਕੁਸ਼ੀ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਇੱਕ ਵੀਡੀਓ ਵੀ ਭੇਜੀ ਸੀ ਵੀਡੀਓ ਦੇਖ ਕੇ ਪਰਿਵਾਰ ‘ਚ ਮਾਤਮ ਛਾ ਗਿਆ। ਉੱਥੇ ਹੀ ਮੀਡੀਆ ਰਿਪੋਰਟਾਂ ਅਨੁਸਾਰ, ਨਿਊਯਾਰਕ ਪੁਲਿਸ ਵਿਭਾਗ ਇਸ ਮਾਮਲੇ ਦੀ ਜਾਂਚ ਖੁਦਕੁਸ਼ੀ ਦੇ ਮਾਮਲੇ ਦੀ ਬਜਾਏ ਹੱਤਿਆ ਦੇ ਰੂਪ ਵਿੱਚ ਕਰ ਰਿਹਾ ਹੈ।
ਮਨਦੀਪ ਨੇ ਆਤਮ ਹੱਤਿਆ ਤੋਂ ਪਹਿਲਾ ਜੋ ਵੀਡੀਓ ਸਾਂਝੀ ਕੀਤੀ ਸੀ ਉਸ ਵਿੱਚ ਮਨਦੀਪ ਨੇ ਆਪਣੇ ਵਿਆਹੁਤਾ ਜੀਵਨ ਦੌਰਾਨ ਉਸ ਤੇ ਹੋਏ ਜ਼ੁਲਮਾਂ ਬਾਰੇ ਦੱਸਿਆ ਹੈ, ਇੰਨ੍ਹਾਂ ਹੀ ਨਹੀਂ ਮਨਦੀਪ ਨੇ ਆਪਣੇ ਜ਼ਖਮ ਅਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ ਨੇ, ਉਸਨੇ ਦੱਸਿਆ ਕਿ ਕਿਵੇਂ ਉਸਦੇ ਸਹੁਰੇ ਉਸ ਨਾਲ ਬਦਸਲੂਕੀ ਕਰਦੇ ਸਨ। ਮਨਦੀਪ ਨੇ ਕਿਹਾ ਕਿ “ਮੈਂ ਸੱਚਮੁੱਚ ਬਹੁਤ ਦੁਖੀ ਹਾਂ। ਅੱਠ ਸਾਲ ਹੋ ਗਏ ਹਨ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਹਰ ਰੋਜ਼ ਕੁੱਟਿਆ ਜਾਂਦਾ ਸੀ। ਮੈਂ ਉਸ ਨੂੰ ਅਤੇ ਉਸ ਦੀ ਕੁੱਟਮਾਰ ਨੂੰ ਸਹਿ ਰਹੀ ਹਾਂ, ਇਹ ਸੋਚ ਕੇ ਕਿ ਉਹ ਕਿਸੇ ਦਿਨ ਸੁਧਰ ਜਾਵੇਗਾ। ਪਰ ਨਹੀਂ, ਉਸਨੇ ਮੈਨੂੰ ਅੱਠ ਸਾਲ ਕੁੱਟਿਆ। ਵਿਆਹ ਬਾਅਦ ਵੀ ਉਸਦੇ ਬਾਹਰ ਸਬੰਧ ਸਨ। ਅਸੀਂ ਉੱਥੇ (ਭਾਰਤ ਵਿੱਚ) ਪਹਿਲੇ ਢਾਈ ਸਾਲ ਰਹੇ ਉਹ ਵੀ ਨਰਕ ਸੀ।” “ਫਿਰ ਅਸੀਂ ਇੱਥੇ ਆਏ। ਉਹ ਸ਼ਰਾਬ ‘ਚ ਟੁੰਨ ਹੋ ਕੇ ਮੇਰੀ ਕੁੱਟਮਾਰ ਕਰਦਾ ਸੀ। ਕਈ ਵਾਰ ਉਹ ਬਿਨਾਂ ਸ਼ਰਾਬ ਪੀਤੇ ਵੀ ਮੈਨੂੰ ਕੁੱਟਦਾ ਸੀ। ਉਹ ਹੋਰ ਔਰਤਾਂ ਨਾਲ ਵੀ ਰਹਿੰਦਾ ਸੀ। ਮੈਂ ਇਸ ਨੂੰ ਆਪਣੇ ਬੱਚਿਆਂ ਲਈ ਸਹਿਣ ਕਰਨ ਦੀ ਕੋਸ਼ਿਸ਼ ਕੀਤੀ ਸੀ।
ਮਨਦੀਪ ਨੇ ਵੀਡੀਓ ‘ਚ ਕਿਹਾ ਕਿ “ਮੇਰੇ ਪਿਤਾ ਨੇ ਇੱਕ ਪੁਲਿਸ ਕੇਸ ਵੀ ਦਰਜ ਕਰਵਾਇਆ ਸੀ। ਫਿਰ ਉਹ ਮੇਰੀਆਂ ਮਿੰਨਤਾਂ ਕਰਨ ਲੱਗਾ, ‘ਮੈਨੂੰ ਬਚਾਅ ਲਾ, ਮੈਨੂੰ ਬਚਾਅ ਲਾ’। ਮੈਂ ਉਸਨੂੰ ਬਚਾਇਆ ਮੈਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਸਹੁਰਿਆਂ ਨੇ ਮੇਰੀ ਮਦਦ ਕਰਨ ਲਈ ਕੁਝ ਨਹੀਂ ਕੀਤਾ, ਰੱਬ ਸਭ ਨੂੰ ਦੇਖੇਗਾ, ਮੈਂ ਕੁਝ ਨਹੀਂ ਕਹਿਣਾ, ਰੱਬ ਸਭ ਨੂੰ ਸਜ਼ਾ ਦੇਵੇਗਾ, ਤੁਸੀਂ ਸਾਰੇ ਇਕੱਠੇ ਹੋ ਕੇ ਮੈਨੂੰ ਬੇਸਹਾਰਾ ਛੱਡ ਦਿੱਤਾ ਮੈਨੂੰ ਆਪਣੇ ਬੱਚਿਆਂ ਨੂੰ ਛੱਡ ਕੇ ਹੁਣ ਜਾਣਾ ਪੈ ਰਿਹਾ।
ਦੂਜੇ ਪਾਸੇ ਪਰਿਵਾਰ ਨੇ ਵੀ ਸਥਾਨਕ ਪੁਲਿਸ ਨੂੰ ਦੋਸ਼ੀ ਜਵਾਈ ਅਤੇ ਉਸਦੇ ਮਾਪਿਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਸਪਾਲ ਸਿੰਘ ਨੇ ਇੱਕ ਬਿਆਨ ‘ਚ ਕਿਹਾ ਕਿ ਖੁਦਕੁਸ਼ੀ ਤੋਂ ਪਹਿਲਾਂ ਧੀ ਵੱਲੋਂ ਭੇਜੀ ਵੀਡੀਓ ਵਿੱਚ ਉਸ ਨੇ ਸੱਸ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਗਿਆ ਹੈ। ਜਿਸ ‘ਤੇ ਉਨ੍ਹਾਂ ਨੇ ਸੀ.ਓ. ਨੂੰ ਨੂੰਹ ਦੇ ਸਹੁਰੇ ਖਿਲਾਫ ਪਰਚਾ ਵੀ ਦਰਜ ਕਰਵਾਇਆ ਹੈ। ਉੱਥੇ ਹੀ ਵੀਰਵਾਰ ਨੂੰ ਦੋਸ਼ੀ ਦੇ ਘਰ ਨੂੰ ਤਾਲਾ ਲੱਗਾ ਮਿਲਿਆ। ਗੁਆਂਢੀਆਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਉਨ੍ਹਾਂ ਦੇ ਘਰ ਕੋਈ ਨਹੀਂ ਹੈ ਅਤੇ ਤਾਲਾ ਲੱਗਿਆ ਹੋਇਆ ਹੈ, ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਉਹ ਕਿੱਥੇ ਗਏ ਹਨ।