ਵੈਲਿੰਗਟਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ 1 ਸਕੂਲੀ ਵਿਦਿਆਰਥਣ ਨੂੰ ਵੈਨ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਦਿਆਰਥਣ ਦੀ ਮਾਂ ਮੁਤਾਬਿਕ ਇਹ ਘਟਨਾ ਵੀਰਵਾਰ ਨੂੰ ਨਿਊਲੈਂਡਜ਼ ਵਿੱਚ ਸਕੂਲ ਦੀ ਘੰਟੀ ਵੱਜਣ ਤੋਂ 20 ਮਿੰਟ ਬਾਅਦ ਵਾਪਰੀ ਸੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇੱਕ ਰਿਪੋਰਟ ਮਿਲੀ ਸੀ ਕਿ ਇੱਕ ਵਾਹਨ ਵਿੱਚ ਸਵਾਰ ਵਿਅਕਤੀ ਨੇ ਪੁਕੇਹੂਆ ਪਾਰਕ ਦੇ ਨੇੜੇ ਦੁਪਹਿਰ 3.20 ਵਜੇ ਦੇ ਕਰੀਬ ਇੱਕ ਨੌਜਵਾਨ ਕੁੜੀ ਨੂੰ ਰੋਕਿਆ ਅਤੇ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਪੁਲਿਸ ਦੇ ਵੱਲੋਂ ਉਸ ਵਿਅਕਤੀ ਅਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਕੁੜੀ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਨੇ ਉਸਨੂੰ ਦੱਸਿਆ ਕਿ “ਇੱਕ ਕਾਲੇ ਰੰਗ ਦੀ ਵੈਨ ਵਿੱਚ ਇੱਕ ਬਜ਼ੁਰਗ ਵਿਅਕਤੀ ਸਵਾਰ ਸੀ ਜਿਸ ਨੇ ਉਸਨੂੰ ਬੁਲਾਇਆ ਸੀ ਅਤੇ ਲੁਭਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਸਨੇ ਉਸ ‘ਤੇ ਵਿਸ਼ਵਾਸ ਨਹੀਂ ਕੀਤਾ ਅਤੇ ਸਿੱਧਾ ਉਸ ਵਿਅਕਤੀ ਕੋਲ ਭੱਜ ਗਈ ਜਿਸਨੂੰ ਉਹ ਜਾਣਦੀ ਸੀ।”
